PM Modi RCEP negotiations: ਬੈਂਕਾਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸਵਾਸਦੀ ਪੀ.ਐੱਮ. ਮੋਦੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਹਨ । ਜਿੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਥਾਈਲੈਂਡ ਦੇ ਕਣ-ਕਣ ਵਿੱਚ ਆਪਣਾਪਣ ਨਜ਼ਰ ਆਉਂਦਾ ਹੈ । ਇਸ ਵਿੱਚ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਯਾਨੀ ਕਿ RCEP ਵਿੱਚ ਆਪਣੇ ਹਿੱਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ ।
ਦਰਅਸਲ, ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਤਿੰਨ ਅਹਿਮ ਸੰਮੇਲਨਾਂ ਵਿੱਚ ਸ਼ਾਮਿਲ ਹੋਣ ਲਈ ਥਾਈਲੈਂਡ ਪਹੁੰਚੇ । ਜਿੱਥੇ ਉਹ 3 ਨਵੰਬਰ ਨੂੰ 16ਵੇਂ ਭਾਰਤ-ਆਸੀਆਨ ਸੰਮੇਲਨ ਵਿੱਚ ਹਿੱਸਾ ਲੈਣਗੇ, ਜਦਕਿ 4 ਨਵੰਬਰ ਨੂੰ RCEP ਸੰਧੀ ‘ਤੇ ਮੈਂਬਰ ਦੇਸ਼ਾਂ ਦੀ ਤੀਜੀ ਮੀਟਿੰਗ ਨੂੰ ਸੰਬੋਧਨ ਕਰਨਗੇ । ਇਸ ਤੋਂ ਬਾਅਦ ਉਹ 4 ਨਵੰਬਰ ਨੂੰ ਹੀ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਵੀ ਸ਼ਾਮਿਲ ਹੋਣਗੇ । RCEP ਦੇ ਆਖਰੀ ਪੜਾਅ ਵਿੱਚ ਪਹੁੰਚਣ ‘ਤੇ ਮੋਦੀ ਨੇ ਕਿਹਾ ਕਿ ਭਾਰਤ ਨੇ ‘ਉਚਿਤ ਪ੍ਰਸਤਾਵਾਂ’ ਨੂੰ ਸਪੱਸ਼ਟ ਤਰੀਕੇ ਨਾਲ ਅੱਗੇ ਰੱਖਿਆ ਹੈ । ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ RCEP ਤੋਂ ਸਾਰੇ ਹੀ ਪੱਖ ਲਾਭ ਪ੍ਰਾਪਤ ਕਰਦੇ ਹਨ । ਉਨ੍ਹਾਂ ਕਿਹਾ ਕਿ ਭਾਰਤ ਸਿਖਰ ਬੈਠਕ ਵਿੱਚ RCEP ਦੀ ਵਾਰਤਾ ਵਿੱਚ ਪ੍ਰਗਤੀ ਦੀ ਸਮੀਖਿਆ ਕਰੇਗਾ ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ 10 ASEAN ਦੇਸ਼ਾਂ ਅਤੇ ਛੇ ਵਪਾਰ ਕਰਨ ਵਾਲੇ ਦੇਸ਼ਾਂ ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਾਰਤਾਕਾਰਾਂ ਦੀ ਗੱਲਬਾਤ ਦੌਰਾਨ ਕੀਤੀ । ASEAN ਦੇਸ਼ਾਂ ਵਿੱਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਥਾਈਲੈਂਡ, ਫਿਲਪੀਨ, ਲਾਓਸ ਅਤੇ ਵੀਅਤਨਾਮ ਸ਼ਾਮਿਲ ਹਨ ।
ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਸ਼ੁਰੂ ਹੋਇਆ RCEP ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਦਾ 10 ਮੈਂਬਰੀ ASEAN ਗਰੁੱਪ ਨਾਲ ਇਕ ਵਪਾਰ ਸਮਝੌਤਾ ਹੈ । ਇਸ ਦਾ ਉਦੇਸ਼ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਇਸ ਦੇ ਮੈਂਬਰ ਦੇਸ਼ਾਂ ਵਿਚਕਾਰ ਵਪਾਰ ਨਿਯਮਾਂ ਨੂੰ ਸਰਲ ਬਣਾਉਣਾ ਹੈ । ਇਸ ਮਾਮਲੇ ਵਿੱਚ ਜੇਕਰ RCEP ‘ਤੇ ਮੈਂਬਰ ਦੇਸ਼ਾਂ ਵਿੱਚ ਸਹਿਮਤੀ ਬਣ ਜਾਂਦੀ ਹੈ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ ਹੋਵੇਗਾ । ਇਸ ਦੇ ਮੈਂਬਰ 16 ਦੇਸ਼ਾਂ ਵਿੱਚ 3.5 ਅਰਬ ਲੋਕ ਰਹਿੰਦੇ ਹਨ ।