ਚੰਡੀਗੜ੍ਹ: ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗੱਠਜੋੜ ਗੁੰਝਲਦਾਰ ਬੁਝਾਰਤ ਬਣ ਗਿਆ ਹੈ। ਇੱਕ ਪਾਸੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਦੂਜੇ ਪਾਸੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾਅਵਾ ਕਰ ਰਹੇ ਹਨ ਕਿ ਗੱਠਜੋੜ ਦੀ ਗੱਲ ਕਦੋਂ ਦੀ ਟੁੱਟ ਗਈ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਗੱਠਜੋੜ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਇਸ ਲਈ ਹੁਣ ਇਸ ਬਾਰੇ ਕੋਈ ਗੱਲਬਾਤ ਨਹੀਂ ਚੱਲ ਰਹੀ। ਦੂਜੇ ਪਾਸੇ ਚਰਚਾ ਹੈ ਕਿ ‘ਆਪ’ ਕਾਂਗਰਸ ਨਾਲ ਰਲ ਕੇ ਪੰਜਾਬ ਵਿੱਚ ਤਿੰਨ, ਹਰਿਆਣਾ ’ਚ ਦੋ ਤੇ ਦਿੱਲੀ ’ਚ ਪੰਜ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ।
ਉਧਰ ਮੀਡੀਆ ਰਿਪੋਰਟਾਂ ਮੁਤਾਬਕ ‘ਆਪ’ ਨੇ ਕਾਂਗਰਸ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਗੱਠਜੋੜ ਦਾ ਨਵਾਂ ਸੱਦਾ ਦਿੱਤਾ ਹੈ, ਪਰ ਪਾਰਟੀ ਨੇ ਨਾਲ ਹੀ ਦਿੱਲੀ ਵਿੱਚ ਪੰਜ ਸੀਟਾਂ ’ਤੇ ਚੋਣ ਲੜਨ ਦੀ ਮੰਗ ਬਰਕਰਾਰ ਰੱਖੀ ਹੈ। ਸੂਤਰਾਂ ਮੁਤਾਬਕ ‘ਆਪ’ ਆਗੂ ਸੰਜੈ ਸਿੰਘ ਨੇ ਇਹ ਤਜਵੀਜ਼ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਵਿਚਾਰੀ ਹੈ। ‘ਆਪ’ ਪੰਜਾਬ ਵਿੱਚ ਤਿੰਨ, ਹਰਿਆਣਾ ’ਚ ਦੋ ਤੇ ਦਿੱਲੀ ’ਚ ਪੰਜ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਸੰਜੈ ਸਿੰਘ ਨੇ ਕਿਹਾ ਕਿ ਇਹ ਹੁਣ ਕਾਂਗਰਸ ’ਤੇ ਹੈ ਕਿ ਉਹ ਕੀ ਫੈਸਲਾ ਲੈਂਦੀ ਹੈ। ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਦਿੱਲੀ ’ਚ ‘ਆਪ’ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ।
‘ਆਪ’ ਤੇ ਕਾਂਗਰਸ ਦਾ ਗੱਠਜੋੜ ਬਣਿਆ ‘ਬੁਝਾਰਤ’ਚਰਚਾ ਹੈ ਕਿ ਐਨਸੀਪੀ (ਨੈਸ਼ਨਲਿਸਟ ਕਾਂਗਰਸ ਪਾਰਟੀ) ਆਗੂ ਸ਼ਰਦ ਪਵਾਰ ਦੋਵਾਂ ਪਾਰਟੀਆਂ ਨੂੰ ਨੇੜੇ ਲਿਆਉਣ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਉਧਰ ਕਾਂਗਰਸ ਦਾ ਕਹਿਣਾ ਹੈ ਕਿ ‘ਆਪ’ ਨਾਲ ਗੱਠਜੋੜ ਬਾਰੇ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਦਾ ਹੋਵੇਗਾ। ਇਸ ਤੋਂ ਪਹਿਲਾਂ ‘ਆਪ’ ਆਗੂ ਸੰਜੈ ਸਿੰਘ ਨੇ ਮੰਗਲਵਾਰ ਨੂੰ ਐਨਸੀਪੀ ਆਗੂ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਕਾਂਗਰਸ ਨਾਲ ਸੀਟਾਂ ਦੀ ਵੰਡ ਸਮੇਤ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਸੀਟਾਂ ’ਤੇ ਸਾਂਝਾ ਉਮੀਦਵਾਰ ਖੜ੍ਹਾ ਕਰਨ ਤੇ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ ’ਤੇ ਲਿਆਉਣ ਬਾਰੇ ਚਰਚਾ ਹੋਈ।