ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚ ਵਾਤਾਵਰਣ ਦੀ ਸਾਂਭ-ਸੰਭਾਲ ਦੇ ਟੀਚੇ ਅਤੇ ਰਿਕਾਰਡ ਤੋੜ ਸੋਕੇ ਦੀ ਮਾਰ ਝੱਲਣ ਮਗਰੋਂ ਪਹਿਲੀ ਵਾਰ ਵੱਡੇ ਪੱਧਰ ਤੇ ਪਾਬੰਦੀਆਂ ਦਾ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਗਿਆ। ਨਵੀਂ ਨਿਯਮ ਮੁਤਾਬਕ ਹੁਣ ਟੂਟੀ ਖੁੱਲ੍ਹੀ ਛੱਡ ਦੇਣੀ, ਅਪਰਾਧ ਮੰਨਿਆ ਜਾਵੇਗਾ।
ਇਸ ਤੋਂ ਇਲਾਵਾ ਬਗੀਚਿਆਂ ਚ ਪਾਣੀ ਦੇਣ ਲਈ ਛਿੜਕਾਅ ਪ੍ਰਣਾਲੀ ਦੀ ਵਰਤੋਂ ਤੇ ਵੀ ਜੁਰਮਾਨਾ ਲਗਾਇਆ ਜਾਵੇਗਾ। ਘਰਾਂ ਚ ਨਿਯਮਾਂ ਦੀ ਉਲੰਘਣਾ ਹੋਣ ’ਤੇ ਲੋਕਾਂ ’ਤੇ 220 ਆਸਟ੍ਰੇਲੀਆਈ ਡਾਲਰ ਅਤੇ ਉਦਯੋਗਾਂ ਚ ਅਜਿਹੇਾ ਹੋਣ ’ਤੇ ਵਪਾਰੀਆਂ ’ਤੇ 550 ਆਸਟ੍ਰੇਲੀਆਈ ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਨਿਊ ਸਾਊਥ ਵੈਲਸ ਸਰਕਾਰ ਨੇ ਦਸਿਆ ਕਿ ਨਵੀਂ ਪਾਬੰਦੀ ਅਗਲੇ ਹਫਤੇ ਤੋਂ ਲਾਗੂ ਕਰ ਦਿੱਤੀ ਜਾਵੇਗੀ। ਅਫ਼ਸਰਾਂ ਮੁਤਾਬਕ ਸਿਡਨੀ ਖੇਤਰ ਦੇ ਜਲ-ਸਰੋਤਾਂ ਚ 1940 ਦੇ ਦਹਾਕੇ ਮਗਰੋਂ ਪਾਣੀ ਦਾ ਪੱਧਰ ਲਗਾਤਾਰ ਘੱਟ ਹੋ ਰਿਹਾ ਹੈ। ਦੱਖਣੀ ਪੂਰਬੀ ਸੂਬੇ ਦੇ ਜਲ-ਮੰਤਰੀ ਮੇਲਿੰਡਾ ਪਾਵੇ ਨੇ ਕਿਹਾ, ਨਿਊ ਸਾਊਥ ਵੈਲਸ ਚ ਰਿਕਾਰਡ ਸੋਕਾ ਪੈ ਰਿਹਾ ਹੈ। ਸਿਡਨੀ ਚ ਪਾਬੰਦੀ ਦਾ ਮਤਲਬ ਹੈ ਕਿ ਨਿਊ ਸਾਊਥ ਵੈਲਸ ਦੇ ਲੋਕ ਪਾਣੀ ਬਚਾਉਣ ਚ ਆਪਣਾ ਯੋਗਦਾਨ ਦੇਣਗੇ।
ਦੱਸਣਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਸਿਡਨੀ ਦੀ ਮਰੇ-ਡਾਰਲਿੰਗ ਨਦੀ ਚ ਪਾਣੀ ਦੀ ਘਾਟ ਕਾਰਨ ਬਹੁਤ ਸਾਰੀਆਂ ਮੱਛੀਆਂ ਮਰ ਗਈਆਂ ਸਨ। ਇਹ ਘਟਨਾ ਚੋਣ-ਮੁੱਦਾ ਵੀ ਬਣਿਆ ਸੀ। ਮਾਹਰਾਂ ਮੁਤਾਬਕ ਨਦੀ ਦੇ ਪਾਣੀ ਦਾ ਵਹਾਅ ਘਟਣ ਕਾਰਨ ਆਕਸੀਜ਼ਨ ਦੀ ਮਾਤਰਾ ਘੱਟ ਗਈ।