ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਕਾਂਗਰਸੀ ਲੀਡਰ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਗਾਂਧੀ ਪਰਿਵਾਰ ਤੈਅ ਕਰੇਗਾ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਾਰਟੀ ਦੇ ਪ੍ਰਧਾਨ ਦੀਆਂ ਚੋਣਾਂ ਵਿੱਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ। ਉਨ੍ਹਾਂ ਉਮੀਦ ਜਤਾਈ ਕਿ ਉਹ ਇਸ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ। ਲੋਕ ਸਭਾ ਚੋਣ ਵਿੱਚ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ 25 ਮਈ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਟਵਿੱਟਰ ‘ਤੇ ਇਸ ਦਾ ਐਲਾਨ ਕੀਤਾ ਸੀ।
ਥਰੂਰ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਅਗਵਾਈ ਦੀ ਘਾਟ ਕਾਰਨ ਪਾਰਟੀ ਨੂੰ ਵੱਧ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਅਗਲਾ ਰਾਹ ਪ੍ਰਧਾਨ ਦੀਆਂ ਚੋਣਾਂ ਤੋਂ ਬਾਅਦ ਹੀ ਖੁੱਲ੍ਹ ਸਕੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਮੌਕੇ ਇੱਕ ਨੌਜਵਾਨ ਆਗੂ ਹੀ ਕਾਂਗਰਸ ਦੀ ਅਗਵਾਈ ਕਰਨ ਲਈ ਵਧੇਰੇ ਢੁਕਵਾਂ ਰਹੇਗਾ।
ਸਾਬਕਾ ਕੇਂਦਰੀ ਮੰਤਰੀ ਨੇ ਪਾਰਟੀ ਦੀ ਮੌਜੂਦਾ ਸਥਿਤੀ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਮੇਂ ਉਹ ਜਿਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਉਸ ਦਾ ਸਪਸ਼ਟ ਜਵਾਬ ਨਹੀਂ ਦੇ ਸਕਦੇ। ਸੀਡਬਲਿਊਸੀ ਲਈ ਇੱਕ ਤਰੀਕਾ ਇਹ ਹੋ ਸਕਦਾ ਹੈ ਕਿ ਉਹ ਪਹਿਲਾਂ ਪਾਰਟੀ ਲਈ ਅੰਤਰਿਮ ਕਾਰਜਕਾਰੀ ਪ੍ਰਧਾਨ ਦਾ ਨਾਂ ਦੇਵੇ ਤੇ ਫਿਰ ਬਾਅਦ ਵਿੱਚ ਇਸ ਨੂੰ ਭੰਗ ਕਰਕੇ ਮੁੱਖ ਪ੍ਰਧਾਨ ਦੇ ਅਹੁਦੇ ਲਈ ਨਵੇਂ ਸਿਰਿਓਂ ਚੋਣਾਂ ਕਰਾਈਆਂ ਜਾਣ।