ਅਗਲੇ 6 ਮਹੀਨਿਆਂ ਦੌਰਾਨ ਆਪਣੀ ਸਰਕਾਰ ਦੇ ਅਹਿਮ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਸਮੇਂ ਸੀਮਾ ਨਿਰਧਾਰਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਿਨੇਟ ਸਾਥੀਆਂ ਨੂੰ ਵੱਖ-ਵੱਖ ਸਕੀਮਾਂ ਲਾਗੂ ਕਰਨ ਦੇ ਸਬੰਧ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇਣ ਦੇ ਨਾਲ ਨਾਲ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਲੋੜ ਅਨੁਸਾਰ ਤਬਦੀਲੀਆਂ ਕਰਨ ਲਈ ਇਕ ਸਲਾਹਕਾਰੀ ਗਰੁੱਪ ਗਠਨ ਕਰਨ ਲਈ ਹੁਕਮ ਦਿੱਤੇ ਹਨ।
ਇਹ ਨਿਰਦੇਸ਼ ਮੁੱਖ ਮੰਤਰੀ ਨੇ ਅੱਜ ਕੈਬਿਨੇਟ ਮੀਟਿੰਗ ਦੀ ਸ਼ੁਰੂਆਤ ਦੇ ਸਮੇਂ ਹੀ ਉਸ ਵੇਲੇ ਦਿੱਤੇ ਜਦੋਂ ਉਨਾਂ ਦੇ ਕੈਬਿਨੇਟ ਸਾਥੀਆਂ ਨੇ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਅਵੇਸਲੇ ਹੋਣ ਦਾ ਸਮਾਂ ਨਹੀਂ ਹੈ ਅਤੇ ਸੂਬੇ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਹੁਣ ਤੋਂ ਹੀ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ।
ਕਰਜ਼ ਰਾਹਤ, ਘਰ-ਘਰ ਰੋਜ਼ਗਾਰ, ਸਿਹਤ ਬੀਮਾ ਆਦਿ ਮਹੱਤਵਪੂਰਨ ਸਕੀਮਾਂ ਆਪਣੀ ਸਰਕਾਰ ਵੱਲੋਂ ਲਾਗੂ ਕਰਨ ਵਿੱਚ ਕਿਸੇ ਵੀ ਤਰਾਂ ਦੀ ਦੇਰੀ ਨਾ ਸਹਿਣ ਕਰਨ ਦੀ ਗੱਲ ਸਪਸ਼ਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋ-ਤਿੰਨ ਮੰਤਰੀਆਂ ਅਤੇ ਪੰਜ-ਛੇ ਵਿਧਾਇਕਾਂ ਆਧਾਰਤ ਸਲਾਹਕਾਰੀ ਗਰੁੱਪ ਦਾ ਤੁਰੰਤ ਹੀ ਗਠਨ ਕੀਤਾ ਜਾਣਾ ਚਾਹੀਦਾ ਹੈ।
ਸਬੰਧਤ ਵਿਭਾਗਾਂ ਨੇ ਸਕੱਤਰਾਂ ਨੂੰ ਗਰੁੱਪ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਗਰੁੱਪ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਵੇਗਾ ਤੇ ਲਾਭਪਾਤਰੀਆਂ ਦੀ ਸੂਚਨਾ ਦੇ ਆਧਾਰ ’ਤੇ ਲੋੜ ਅਨੁਸਾਰ ਸੁਝਾਅ ਦੇਵੇਗਾ।