ਗਲਤੀਆਂ ਤੋਂ ਸਿੱਖ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਈਏ।
ਸੁਣਿਆ ਹੈ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ । ਸਾਡੇ ਵਿੱਚ ਅਜਿਹਾ ਕੋਈ ਵੀ ਨਹੀਂ ਜਿਸ ਨੇ ਅੱਜ ਤੱਕ ਕੋਈ ਗ਼ਲਤੀ ਨਾ ਕੀਤੀ ਹੋਵੇ । ਜਾਣੇ ਅਣਜਾਣੇ ਅਸੀਂ ਬਹੁਤ ਗਲਤੀਆਂ ਕਰ ਬੈਠਦੇ ਹਾਂ। ਪਰ ਇਹ ਗਲਤੀਆਂ ਹੀ ਹਨ ਜੋ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾ ਦਿੰਦੀਆਂ ਹਨ । ਪਰ ਸ਼ਰਤ ਇਹ ਹੈ ਕਿ ਇਨ੍ਹਾਂ ਗਲਤੀਆਂ ਨੂੰ ਮੰਨਣਾ ਅਤੇ ਫਿਰ ਉਸ ਤੋਂ ਸਾਨੂੰ ਕੁਝ ਸਿੱਖਣਾ ਪਵੇਗਾ । ਸਿੱਖਣਾ ਤੁਸੀਂ ਉਦੋਂ ਹੀ ਸ਼ੁਰੂ ਕਰੋਗੇ ਜਦੋਂ ਆਪਣੀ ਗਲਤੀ ਨੂੰ ਮੰਨੋਗੇ ।
ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਭੁੱਲ ਨੂੰ ਸਵੀਕਾਰ ਕਰਨ ਦਾ ਜਿਗਰਾ ਰੱਖਣਾ ਪਵੇਗਾ। ਜੋ ਕਿ ਅੱਜਕਲ ਬਹੁਤ ਹੀ ਘੱਟ ਦਿਖਾਈ ਦਿੰਦਾ ਹੈ ।ਅਸੀਂ ਲੋਕ ਆਪਣੀ ਗਲਤੀ ਮੰਨਣ ਦੀ ਥਾਂ ਦੂਸਰੇ ਦੀਆਂ ਕਮੀਆਂ ਕੱਢਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਾਂ । ਇਹ ਆਮ ਜਹੀ ਗੱਲ ਹੈ ਕਿ ਆਪਣੀ ਗਲਤੀ ਉਹੀ ਇਨਸਾਨ ਮੰਨ ਸਕਦਾ ਜਿਸ ਵਿੱਚ ਹਉਮੈ ਨਹੀਂ । ਜਦੋਂ ਤੱਕ ਤੁਹਾਡੇ ਅੰਦਰ ਹੰਕਾਰ ਬੋਲੇਗਾ, ਤੁਸੀਂ ਨਾ ਹੀ ਤਾਂ ਕਦੀ ਆਪਣੀ ਗ਼ਲਤੀ ਮੰਨ ਸਕਦੇ ਹੋ ਅਤੇ ਨਾ ਹੀ ਕਦੇ ਕਿਸੇ ਤੋਂ ਵਾਂ ਸਿੱਖ ਸਕਦੇ ਹੋ ।
ਇਸ ਲਈ ਸਭ ਤੋਂ ਪਹਿਲਾਂ ਪੜ੍ਹਾਅ ਹੈ ਆਪਣੇ ਅੰਦਰ ਦੀ ਹਉਮੈ ਨੂੰ ਮਾਰਨਾ ਫਿਰ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਅਤੇ ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨਾ । ਅੱਗੇ ਤੋਂ ਜ਼ਿੰਦਗੀ ਵਿੱਚ ਉਹੀ ਗ਼ਲਤੀ ਨਾ ਦੁਹਰਾ ਹੋਵੇ ਇਸ ਗੱਲ ਦਾ ਪ੍ਰਯਤਨ ਕਰਨਾ ਅਤੇ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਜਿਉਣਾ । ਪਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਉਹੀ ਗਲਤੀਆਂ ਜ਼ਿੰਦਗੀ ਵਿਚ ਵਾਰ ਵਾਰ ਕਰ ਬੈਠਦੇ ਹਾਂ । ਇਸ ਦਾ ਏਹੀ ਕਾਰਨ ਹੈ ਕਿ ਸਾਨੂੰ ਅਜੇ ਪੂਰਨ ਤੌਰ ਤੇ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਗਲਤ ਕਿੱਥੇ ਹਾਂ ?
ਕਿਉਂਕਿ ਜੇਕਰ ਸਾਨੂੰ ਸਾਡੀ ਸਹੀ ਗ਼ਲਤੀ ਸਮਝ ਆ ਜਾਵੇ ਅਤੇ ਉਸ ਦਾ ਹਲ ਕਿਵੇਂ ਕਰਨਾ ਹੈ , ਇਸ ਗੱਲ ਦੀ ਵੀ ਸਮਝ ਆ ਜਾਵੇ ਤਾਂ ਕੋਈ ਵੀ ਮਨੁੱਖ ਆਪਣੀ ਉਸ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਵੇਗਾ । ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਦਗੀ ਚੋਂ ਹਉਮੈ ਕੱਢ ਥੋੜ੍ਹਾ ਸਿੱਖੀਏ ਤੇ ਸਿਖਾਈਏ । ਜਿਸ ਇਨਸਾਨ ਅੰਦਰ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ ਉਹ ਜ਼ਿੰਦਗੀ ਤੇ ਹਰ ਪਲ ਤੋਂ ਹੀ ਕੁਝ ਨਵਾਂ ਸਿੱਖ ਸਕਦਾ ਹੈ। ਇਸਦੇ ਲਈ ਬਹੁਤੀਆਂ ਕਿਤਾਬਾਂ ਜਾਂ ਵੱਡੀਆਂ ਵੱਡੀਆਂ ਡਿਗਰੀਆਂ ਦੀ ਲੋੜ ਨਹੀਂ ਹੁੰਦੀ। ਬੱਸ ਇੱਕ ਚਾਹਤ ਅਤੇ ਜਨੂਨ ਦੀ ਲੋੜ ਹੈ ਜੋ ਤੁਹਾਨੂੰ ਸਭ ਤੋਂ ਅਲੱਗ ਬਣਾ ਸਕਦੀ ਹੈ ।
ਕਿਰਨ ਪ੍ਰੀਤ ਕੌਰ
+43 688 64013133