ਨਵੀਂ ਦਿੱਲੀ: ਭਾਰਟੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ‘ਤੇ ਪਰਿਵਾਰਵਾਦੀ ਹੋਣ ਦੇ ਦੋਸ਼ ਲਾਏ ਹਨ। ਗੰਭੀਰ ਨੇ ਕਿਹਾ ਕਿ ਬੇਦੀ ਆਪਣੇ ਪੁੱਤਰ ਅੰਗਦ ਸਿੰਘ ਬੇਦੀ ਦੇ ਲਾਇਕ ਨਾ ਹੋਣ ਦੇ ਬਾਵਜੂਦ ਦਿੱਲੀ ਦੀ ਕ੍ਰਿਕੇਟ ਟੀਮ ਵਿੱਚ ਥਾਂ ਦਿਵਾਉਣਾ ਚਾਹੁੰਦੇ ਸੀ।
ਗੰਭੀਰ ਦਾ ਇਹ ਇਲਜ਼ਾਮ ਬੇਦੀ ਵੱਲੋਂ ਭਾਰਤੀ ਕ੍ਰਿਕੇਟ ਟੀਮ ਦੇ ਮੌਜੂਦਾ ਗੇਂਦਬਾਜ਼ ਨਵਦੀਪ ਸੈਣੀ ਦੀ ਦਿੱਲੀ ਦੀ ਰਣਜੀ ਕ੍ਰਿਕਟ ਟੀਮ ਵਿੱਚ ਚੋਣ ਵਿੱਚ ਅੜਿੱਕੇ ਡਾਹੁਣ ਦਾ ਖੰਡਨ ਕਰਨ ਤੋਂ ਬਾਅਦ ਆਇਆ ਹੈ। ਬੇਦੀ ਨੇ ਕਿਹਾ ਸੀ ਕਿ ਉਹ ਜਿੱਤਣ ਲਈ ਇੰਨੇ ਹੇਠਾਂ ਨਹੀਂ ਡਿੱਗ ਸਕਦੇ।ਜ਼ਿਕਰਯੋਗ ਹੈ ਕਿ ਸੈਣੀ ਵੱਲੋਂ ਆਪਣੇ ਪਹਿਲੇ ਕੌਮਾਂਤਰੀ ਮੈਚ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਗੌਤਮ ਗੰਭੀਰ ਨੇ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (DDCA) ਮੈਂਬਰਾਂ ‘ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਚੇਤਨ ਚੌਹਾਨ ਵੱਲੋਂ ਸੈਣੀ ਨੂੰ ਦਿੱਲੀ ਰਣਜੀ ਟੀਮ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰਨ ਦੀ ਵੀ ਖ਼ਿਲਾਫ਼ਤ ਕੀਤੀ।
ਜਿਸ ਸਮੇਂ ਸੈਣੀ ਦੀ ਦਿੱਲੀ ਦੀ ਰਣਜੀ ਟੀਮ ਲਈ ਚੋਣ ਖਾਰਜ ਕੀਤੀ ਗਈ ਸੀ ਉਦੋਂ ਬਿਸ਼ਨ ਸਿੰਘ ਬੇਦੀ ਤੇ ਚੇਤਨ ਚੌਹਾਨ ਡੀਡੀਸੀਏ ਦੇ ਮੈਂਬਰ ਸਨ ਅਤੇ ਉਨ੍ਹਾਂ ਗੰਭੀਰ ਦੀ ਪਸੰਦ ਸੈਣੀ ਨੂੰ ਟੀਮ ਵਿੱਚ ਥਾਂ ਦੇਣ ਲਈ ਸਹਿਮਤੀ ਨਹੀਂ ਸੀ ਦਿੱਤੀ।