25.2 F
New York, US
January 15, 2025
PreetNama
ਸਮਾਜ/Social

ਚਿੜੀਆਂ ਹੋਈਆਂ ਬੇ-ਘਰ

ਵਾਤਾਵਰਨ ਵਿਚ ਨਿਤ ਦਿਨ ਆ ਰਹੀਆਂ ਤਬਦੀਲੀਆਂ ਦੀ ਬਦੌਲਤ ਬਹੁਤ ਸਾਰੇ ਜੀਵ ਜੰਤੂ ਆਲੋਪ ਹੋ ਰਹੇ ਹਨ | ਇਨ੍ਹਾਂ ਆਲੋਪ ਹੋ ਰਹੇ ਜੰਤੂਆਂ ਵਿਚੋਂ ਇਕ ਹੈ ਘਰੇਲੂ ਚਿੜੀ | ਚਿੜੀਆਂ ਦੀ ਤੇਜ਼ੀ ਨਾਲ ਘਟਦੀ ਗਿਣਤੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ 20 ਮਾਰਚ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਚਿੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਪਹਿਲਾ ਕੌਮਾਂਤਰੀ ਚਿੜੀ ਦਿਵਸ 2010 ਵਿਚ ਮਨਾਇਆ ਗਿਆ ਸੀ | ਚਿੜੀਆਂ ਦੀ ਸੁਰੱਖਿਆ ਅਤੇ ਗਿਣਤੀ ਵਿਚ ਵਾਧਾ ਕਰਨ ਹਿੱਤ ਬਿਹਤਰ ਜੀਵਨ ਹਾਲਾਤ ਮੁਹੱਈਆ ਕਰਵਾਉਣ ਬਾਰੇ ਸੋਚਣਾ ਹੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ | ਇਸ ਦਿਨ ਸਕੂਲਾਂ ਅਤੇ ਕਾਲਜਾਂ ਵਿਚ ਪੇਂਟਿੰਗ ਮੁਕਾਬਲੇ ਅਤੇ ਲੇਖ ਮੁਕਾਬਲੇ ਕਰਵਾਉਣ ਦੇ ਨਾਲ-ਨਾਲ ਚਿੜੀਆਂ ਦੀ ਘਟਦੀ ਗਿਣਤੀ ਨੂੰ ਠੱਲ੍ਹਣ ਅਤੇ ਇਨ੍ਹਾਂ ਦੇ ਜੀਵਨ ਲਈ ਹੋਰ ਉਸਾਰੂ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਹਰ ਵਰ੍ਹੇ ਇਨਾਮ ਵੀ ਦਿੱਤੇ ਜਾਂਦੇ ਹਨ | ਚਿੜੀ ਇਕ ਬਹੁਤ ਹੀ ਨਾਜ਼ੁਕ ਜਿਹਾ ਕਿਸੇ ਦੂਸਰੇ ਜੀਵ ਨੂੰ ਭੁੱਲ ਕੇ ਵੀ ਨੁਕਸਾਨ ਨਾ ਪਹੁੰਚਾਉਣ ਵਾਲਾ ਪੰਛੀ ਹੈ | ਇਸ ਦੀ ਖੁਰਾਕ ਵੀ ਬੜੀ ਸਾਧਾਰਨ ਜਿਹੀ ਹੈ | ਇਸ ਦਾ ਸੁਭਾਅ ਵੀ ਬਹੁਤ ਭੋਲਾ ਜਿਹਾ ਹੁੰਦਾ ਹੈ, ਚਲਾਕੀ ਤਾਂ ਜਿਵੇਂ ਇਸ ਦੇ ਸੁਭਾਅ ਦਾ ਹਿੱਸਾ ਹੀ ਨਹੀਂ | ਚਿੜੀ ਦੇ ਭੋਲੇਪਣ ਬਾਬਤ ਬਹੁਤ ਸਾਰੀਆਂ ਲੋਕ ਕਹਾਣੀਆਂ ਵੀ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ | ਇਕੱਠੀਆਂ ਹੋਈਆਂ ਚਿੜੀਆਂ ਦੀ ਚੀਂ-ਚੀਂ ਬਹੁਤ ਪਿਆਰੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਭਜਾਉਣ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਹੈ | ਚਿੜੀਆਂ ਦੀਆਂ ਬਹੁਤੀਆਂ ਆਦਤਾਂ ਅਤੇ ਗੁਣ ਕੁੜੀਆਂ ਨਾਲ ਮਿਲਦੇ ਹਨ | ਸ਼ਾਇਦ ਇਸੇ ਲਈ ਹੀ ਸ਼ਬਦ ਕੁੜੀਆਂ-ਚਿੜੀਆਂ ਪੰਜਾਬੀ ਜਨ ਜੀਵਨ ਵਿਚ ਅਕਸਰ ਵਰਤਿਆ ਜਾਂਦਾ ਹੈ | ਕੁੜੀਆਂ ਦੀ ਪੇਕੇ ਘਰ ਤੋਂ ਸਹੁਰੇ ਘਰ ਦੀ ਵਿਦਾਈ ਨੂੰ ਵੀ ‘ਸਾਡਾ ਚਿੜੀਆਂ ਦਾ ਚੰਬਾ, ਵੇ ਬਾਬਲ ਅਸਾਂ ਉੱਡ ਜਾਣਾ’ ਕਹਿ ਕੇ ਤੁਲਨਾਇਆ ਜਾਂਦਾ ਹੈ | ਰੌਲਾ ਪਾਉਂਦੀਆਂ ਕੁੜੀਆਂ ਅਤੇ ਚੀਂ-ਚੀਂਾ ਕਰਦੀਆਂ ਚਿੜੀਆਂ ਤਕਰੀਬਨ ਇਕੋ ਜਿਹੀਆਂ ਲੱਗਦੀਆਂ ਹਨ | ਇਨ੍ਹਾਂ ਦੀਆਂ ਮਿਲਦੀਆਂ ਜੁਲਦੀਆਂ ਆਦਤਾਂ ਕਰਕੇ ਹੀ ਸ਼ਾਇਦ ਇਨ੍ਹਾਂ ਦੇ ਜੀਵਨ ‘ਤੇ ਸੰਕਟ ਵੀ ਇਕੱਠਾ ਹੀ ਆਇਆ ਹੈ | ਬੇਸ਼ੱਕ ਇਨ੍ਹਾਂ ਦੇ ਜੀਵਨ ਸੰਕਟ ਦੀਆਂ ਸ਼ਰਤਾਂ ਅਤੇ ਹਾਲਾਤ ਬਿਲਕੁੱਲ ਵੱਖੋ ਵੱਖਰੇ ਹਨ | ਪਰ ਅਜੋਕੇ ਸਮੇਂ ‘ਚ ਚਿੜੀਆਂ ਅਤੇ ਕੁੜੀਆਂ ਦੀ ਘਟਦੀ ਗਿਣਤੀ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ |
ਕੋਈ ਸਮਾਂ ਸੀ ਜਦੋਂ ਇਨਸਾਨ ਚਿੜੀਆਂ ਦੀਆਂ ਆਵਾਜ਼ਾਂ ਸੰਗ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਸਨ | ਬਜ਼ੁਰਗ ਦੱਸਦੇ ਹਨ ਕਿ ਸਵੇਰੇ ਮੁਰਗੇ ਦੀ ਬਾਂਗ ਨਾਲ ਸ਼ੁਰੂ ਹੋਈ ਸਵੇਰ ਚਿੜੀਆਂ ਦੀ ਚੀਂ-ਚੀਂ ਨਾਲ ਆਪਣੀ ਚਰਮ ਸੀਮਾ ‘ਤੇ ਪੁੱਜ ਜਾਂਦੀ ਸੀ | ਸਵੇਰ ਦੇ ਸ਼ਾਂਤ ਅਤੇ ਸ਼ੁੱਧ ਵਾਤਵਰਨ ਵਿਚ ਪਸਰਿਆ ਚਿੜੀਆਂ ਦਾ ਚੀਕ ਚਿਹਾੜਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦਾ ਸੀ | ਚਿੜੀਆਂ ਦਾ ਰੈਣ ਬਸੇਰਾ ਵੀ ਇਨਸਾਨਾਂ ਦੇ ਘਰਾਂ ਦੀਆਂ ਛੱਤਾਂ ਹੀ ਹੁੰਦੀਆਂ ਸਨ | ਕੱਚੇ ਘਰਾਂ ਦੀਆਂ ਛਤੀਰੀਆਂ ਅਤੇ ਬਾਲਿਆਂ ਵਾਲੀਆਂ ਛੱਤਾਂ ਦੇ ਝਰੋਖਿਆਂ ਵਿਚ ਇਨ੍ਹਾਂ ਦਾ ਡੇਰਾ ਹੁੰਦਾ ਸੀ | ਇਨ੍ਹਾਂ ਦੇ ਰੈਣ ਬਸੇਰਿਆਂ ਵਿਚੋਂ ਡਿੱਗਦਾ ਘਾਹ ਫੂਸ ਘਰਾਂ ਵਿਚ ਗੰਦ ਵੀ ਖਿਲਾਰ ਦਿੰਦਾ ਸੀ, ਪਰ ਕੁਦਰਤ ਅਤੇ ਜੀਵ ਜੰਤੂਆਂ ਦੇ ਅੰਗ ਸੰਗ ਜ਼ਿੰਦਗੀ ਜੀਣ ਵਾਲਾ ਪੁਰਾਤਨ ਮਨੁੱਖ ਇਸ ਗੰਦਗੀ ਦਾ ਰਤਾ ਵੀ ਬੁਰ੍ਹਾ ਨਹੀਂ ਸੀ ਮਨਾਉਂਦਾ | ਇਨ੍ਹਾਂ ਦੇ ਰੈਣ ਬਸੇਰੇ ਨੂੰ ਨੁਕਸਾਨ ਪਹੁੰਚਾਉਣ ਦੀ ਸੋਚਣਾ ਤਾਂ ਦੂਰ ਦੀ ਗੱਲ, ਸਵੇਰ ਵੇਲੇ ਰੋਟੀ ਖਾਂਦੇ ਘਰਾਂ ਦੇ ਬਜ਼ੁਰਗ ਆਪਣੀ ਰੋਟੀ ਵਿਚੋਂ ਰੋਟੀ ਦੇ ਛੋਟੇ-ਛੋਟੇ ਟੁਕੜੇ ਇਨ੍ਹਾਂ ਚਿੜੀਆਂ ਨੂੰ ਜ਼ਰੂਰ ਪਾਉਂਦੇ ਸਨ | ਬਿਨਾਂ ਕਿਸੇ ਡਰ ਦੇ ਇਨਸਾਨਾਂ ਦੇ ਨਾਲ ਹੀ ਰੋਟੀ ਖਾਂਦੀਆਂ ਚਿੜੀਆਂ ਦਾ ਝੁਰਮਟ ਛੋਟੇ ਬੱਚਿਆਂ ਦਾ ਮਨ ਮੋਹ ਲੈਂਦਾ ਸੀ |
ਇਨਸਾਨ ਜਿਉਂ-ਜਿਉਂ ਆਧੁਨਿਕ ਹੁੰਦਾ ਗਿਆ ਤਿਉਂ-ਤਿਉਂ ਕੁਦਰਤ ਅਤੇ ਜੀਵ ਜੰਤੂਆਂ ਤੋਂ ਵੀ ਦੂਰ ਹੁੰਦਾ ਚਲਿਆ ਗਿਆ | ਖੇਤੀ ਖੇਤਰ ਵਿਚ ਕੀਟ ਨਾਸ਼ਕਾਂ ਦੇ ਇਸਤੇਮਾਲ ਦੀ ਹੋਈ ਸ਼ੁਰੂਆਤ ਨੇ ਬਾਕੀ ਜੀਵ ਜੰਤੂਆਂ ਦੇ ਨਾਲ-ਨਾਲ ਚਿੜੀਆਂ ਦਾ ਜੀਵਨ ਵੀ ਖ਼ਤਰੇ ਵਿਚ ਪਾ ਦਿੱਤਾ | ਕੱਚੇ ਘਰਾਂ ਨੂੰ ਢਾਹ ਕੇ ਇਨਸਾਨ ਨੇ ਆਪਣੇ ਲਈ ਤਾਂ ਪੱਕੇ ਸੰਗਮਰਮਰੀ ਘਰ ਅਤੇ ਕੋਠੀਆਂ ਬਣਾ ਲਈਆਂ,ਪਰ ਚਿੜੀਆਂ ਦੇ ਰੈਣ ਬਸੇਰੇ ਬਾਬਤ ਸੋਚਣਾ ਹੀ ਭੁੱਲ ਗਿਆ | ਇਨਸਾਨ ਨੇ ਸਿਰਫ ਕੱਚੇ ਘਰ ਢਾਹ ਕੇ ਹੀ ਚਿੜੀਆਂ ਦਾ ਰੈਣ ਬਸੇਰਾ ਖ਼ਤਮ ਨਹੀਂ ਕੀਤਾ, ਸਗੋਂ ਇਨ੍ਹਾਂ ਲਈ ਰੈਣ ਬਸੇਰੇ ਦੀ ਰਹਿੰਦੀ ਖੂੰਹਦੀਂ ਉਮੀਦ ਰੁੱਖਾਂ ਦਾ ਵੀ ਵੱਡੇ ਪੱਧਰ ‘ਤੇ ਉਜਾੜਾ ਕਰ ਦਿੱਤਾ | ਕੱਚੇ ਘਰ ਢਾਹ ਕੇ ਅਤੇ ਰੁੱਖ ਕੱਟ ਕੇ ਘਰੋਂ ਬੇਘਰ ਕੀਤਾ ਚਿੜੀਆਂ ਦਾ ਚੰਬਾ ਤਾਂ ਜਿਵੇਂ ਕਿਸੇ ਅਣਦੱਸੀ ਥਾਂ ‘ਤੇ ਹੀ ਤੁਰ ਗਿਆ ਹੈ | ਚਿੜੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਤਾਂ ਖ਼ਤਮ ਹੋਣ ਦੀਆਂ ਖ਼ਬਰਾਂ ਹਨ ਅਤੇ ਬਾਕੀ ਬਚਦੀਆਂ ਦਾ ਖ਼ਾਤਮਾ ਵੀ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ |
ਚਿੜੀ ਦਿਵਸ ਮਨਾਉਣ ਦਾ ਮਕਸਦ ਇਸ ਦਿਨ ਚਿੜੀਆਂ ਬਾਰੇ ਵਿਚਾਰਾਂ ਜਾਂ ਫ਼ਿਕਰਮੰਦੀ ਕਰ ਲੈਣ ਨਾਲ ਹੀ ਪੂਰਾ ਨਹੀਂ ਹੋ ਜਾਂਦਾ, ਬਲਕਿ ਚਿੜੀਆਂ ਨੰੂ ਦਰਪੇਸ਼ ਖ਼ਤਰਿਆਂ ਨੂੰ ਅਮਲੀ ਰੂਪ ਵਿਚ ਦੂਰ ਕਰਨਾ ਜ਼ਰੂਰੀ ਹੈ | ਸਭ ਤੋਂ ਪਹਿਲਾਂ ਤਾਂ ਇਸ ਦਿਨ ‘ਤੇ ਪਿਛਲੇ 8 ਵਰਿ੍ਹਆਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਜਾਣੀ ਬਣਦੀ ਹੈ, ਕਿ ਇਸ ਦਿਵਸ ਨੂੰ ਮਨਾਉਣ ਦਾ ਮਨੋਰਥ ਕਿਸ ਪੱਧਰ ਤੱਕ ਪੂਰਾ ਹੋ ਰਿਹਾ ਹੈ? ਇਸ ਦਿਨ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਬਦਲਦੀਆਂ ਜੀਵਨ ਹਾਲਤਾਂ ਦੇ ਅਨੁਕੂਲ ਚਿੜੀਆਂ ਲਈ ਵੀ ਰੈਣ ਬਸੇਰਿਆਂ ਦਾ ਪ੍ਰਬੰਧ ਕਰੀਏ | ਬਿਨਾਂ ਸ਼ੱਕ ਹਰ ਇਨਸਾਨ ਆਪਣੇ ਪੱਕੇ ਘਰਾਂ ਅਤੇ ਕੋਠੀਆਂ ਵਿਚ ਚਿੜੀਆਂ ਦੀ ਸੰਗਤ ਵਾਲਾ ਕੁਦਰਤੀ ਵਾਤਾਵਰਨ ਤਾਂ ਚਾਹੁੰਦਾ ਹੈ, ਪਰ ਇਨ੍ਹਾਂ ਵਲੋਂ ਪਾਏ ਜਾਣ ਵਾਲ ਥੋੜੇ੍ਹ ਬਹੁਤੇ ਗੰਦ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ | ਜੇਕਰ ਇਨ੍ਹਾਂ ਵਿਚਾਰੀਆਂ ਨੂੰ ਸੰਗਮਰਮਰੀ ਕੋਠੀਆਂ ਵਿਚ ਸਥਾਨ ਨਹੀਂ ਦੇਣਾ ਤਾਂ ਘੱਟੋ ਘੱਟ ਇਨ੍ਹਾਂ ਦੇ ਰੈਣ ਬਸੇਰੇ ਲਈ ਦਰੱਖਤ ਲਗਾਉਣ ਅਤੇ ਗਰਮੀਆਂ ਦੇ ਦਿਨਾਂ ਵਿਚ ਇਨ੍ਹਾਂ ਨੂੰ ਪਾਣੀ ਉਪਲਬੱਧ ਕਰਵਾਉਣ ਦਾ ਅਹਿਦ ਤਾਂ ਇਸ ਦਿਨ ‘ਤੇ ਕਰ ਹੀ ਲਈਏ |

 

Binder singh

Related posts

ਆਸਟ੍ਰੇਲੀਆ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਲਿਖੇ ਦੇਸ਼ ਵਿਰੋਧੀ ਨਾਅਰੇ

On Punjab

ਸਾਊਦੀ ‘ਚ ਫਸੇ 500 ਭਾਰਤੀਆਂ ਦੀ ਵਤਨ ਵਾਪਸੀ

On Punjab

Urfi Javed: ਈਦ ਦੇ ਮੌਕੇ ਬਿਕਨੀ ਪਹਿਨੇ ਨਜ਼ਰ ਆਈ ਉਰਫੀ ਜਾਵੇਦ, ਭੜਕੇ ਲੋਕ, ਬੋਲੇ- ‘ਅੱਜ ਤਾਂ ਢੰਗ ਦੇ ਕੱਪੜੇ ਪਹਿਨ ਲੈਂਦੀ’

On Punjab