ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਬੀਤੇ ਕੱਲ ਆਪਣੇ ਸਾਥੀ ਐਡਵੋਕੇਟ ਪਰਮਜੀਤ ਢਾਬਾਂ ਨਾਲ ਥਾਣਾ ਸਿਟੀ ਜਲਾਲਾਬਾਦ ਦੇ ਮੁਨਸ਼ੀ ਵੱਲੋਂ ਦੁਰਵਿਹਾਰ ਕਰਨ, ਧੱਕਾ ਮੁੱਕੀ ਕਰਨ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਖਿਲਾਫ਼ ਮੁਕੱਦਮਾ ਦਰਜ ਕਰਾਉਣ ਦਾ ਅਲਟੀਮੇਟ ਦੇ ਕੇ ਅਣਮਿਥੇ ਸਮੇਂ ਲਈ ਅੱਜ ਤੋਂ ਸਮੂਹ ਵਕੀਲਾਂ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਵਕੀਲਾਂ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਮੁਕੰਮਲ ਹੜਤਾਲ ਰਹੀ ਅਤੇ ਕੋਈ ਵੀ ਵਕੀਲ ਅਦਾਲਤ ਵਿੱਚ ਦਾਖਲ ਨਹੀਂ ਹੋਇਆ।ਪੁਲਸ ਪ੍ਰਸ਼ਾਸਨ ਵਕੀਲਾਂ ਵੱਲੋਂ ਦਿੱਤੀ ਚਿਤਾਵਨੀ ‘ਤੇ ਤੁਰੰਤ ਹਰਕਤ ਵਿੱਚ ਆ ਗਿਆ।ਅੱਜ ਕਰੀਬ ਗਿਆਰਾਂ ਵਜੇ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਐੱਸ ਪੀ (ਡੀ) ਜਸਬੀਰ ਸਿੰਘ ਅਤੇ ਡੀ ਐੱਸ ਪੀ ਜਸਪਾਲ ਸਿੰਘ ਨੇ ਆਪਣੇ ਨਾਲ ਅੈਸ ਅੈਸ ਓ ਲੇਖ ਰਾਜ ਨੂੰ ਲੈ ਕੇ ਬਾਰ ਰੂਮ ਵਿੱਚ ਡੇਰੇ ਲਾ ਲਏ। ਪਹਿਲਾਂ ਵਕੀਲ ਆਪਣੀ ਮੰਗ ਕੇ “ਮੁਨਸ਼ੀ ਤੇ ਮੁਕੱਦਮਾ ਦਰਜ ਕੀਤਾ ਜਾਵੇ” ਤੇ ਅੜੇ ਰਹੇ, ਪ੍ਰੰਤੂ ਦੁਬਾਰਾ ਕੀਤੀ ਗਈ ਹਾਊਸ ਦੀ ਮੀਟਿੰਗ ਚ ਤੈਅ ਹੋਇਆ ਕਿ ਜੇਕਰ ਸਮੂਹ ਵਕੀਲਾਂ ਕੋਲ ਆ ਕੇ ਮੁਨਸ਼ੀ ਆਪਣੇ ਕੀਤੇ ਦਾ ਪਛਤਾਵਾ ਕਰਦਾ ਹੈ ਤਾਂ ਸਾਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਵਕੀਲਾਂ ਨੇ ਸੁਝਾਅ ਦਿੱਤਾ ਕਿ ਮਾਫ ਕਰਨ ਵਾਲਾ ਅਜੋਕੇ ਸਮਾਜ ਵਿੱਚ ਵੱਡਾ ਮਨੁੱਖ ਹੈ ।ਇਸ ਸਮੇਂ ਦੌਰਾਨ ਪਹਿਲਾਂ ਐਸਪੀ ਡੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਅਜ ਤੋਂ ਬਾਅਦ ਕਦੇ ਵੀ ਕਿਸੇ ਵਕੀਲ ਨਾਲ ਥਾਣਿਆਂ ਚ ਦੁਰਵਿਹਾਰ ਨਹੀਂ ਕੀਤਾ ਜਾਵੇਗਾ ਅਤੇ ਪੁਲਿਸ ਵਕੀਲਾਂ ਅਤੇ ਆਮ ਲੋਕਾਂ ਨਾਲ ਹਰ ਤਰ੍ਹਾਂ ਸਹੀ ਵਤੀਰੇ ਨਾਲ ਪੇਸ਼ ਆਵੇਗੀ।ਪੁਲਸ ਅਤੇ ਵਕੀਲਾਂ ਦਰਮਿਆਨ ਹੋਏ ਸਮਝੌਤੇ ਸਬੰਧੀ ਪੁਸ਼ਟੀ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅੈਡਵੋਕੇਟ ਸਕੇਤ ਬਜਾਜ ਅਤੇ ਐਡਵੋਕੇਟ ਕਰਨ ਚੁਚਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸਾਥੀ ਪਰਮਜੀਤ ਢਾਬਾਂ ਨਾਲ ਦੁਰਵਿਹਾਰ ਕਰਨ ਵਾਲੇ ਮੁਨਸ਼ੀ ਨੇ ਸਾਰੇ ਵਕੀਲਾਂ ਸਾਹਮਣੇ ਆਪਣੀ ਗ਼ਲਤੀ ਦਾ ਅਹਿਸਾਸ ਕਰ ਲਿਆ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਐੱਸ ਪੀ (ਡੀ) ਅਤੇ ਡੀ ਐੱਸ ਪੀ ਨੇ ਮਾਮਲੇ ਨੂੰ ਸੁਲਝਾ ਦਿੱਤਾ ਹੈ।ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਬਾਰ ਵੱਲੋਂ ਅੱਜ ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਕੱਲ੍ਹ ਤੋਂ ਜ਼ਿਲ੍ਹਾ ਪੱਧਰੀ ਅਤੇ ਇਸ ਤੋਂ ਬਾਅਦ ਸੂਬਾ ਪੱਧਰੀ ਹੜਤਾਲ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਸੀ।ਉਨਾਂ ਕਿਹਾ ਕਿ ਮਾਮਲੇ ਦੇ ਸੁਲਝਣ ਤੋਂ ਬਾਅਦ ਹੁਣ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਹ ਵਕੀਲਾਂ ਨਾਲ ਸਹੀ ਢੰਗ ਨਾਲ ਪੇਸ਼ ਆਉਣਗੇ।ਇਸ ਮੌਕੇ ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਵਕੀਲਾਂ ਅਤੇ ਪੁਲਸ ਦਾ ਨੂੰਹ ਮਾਸ ਦਾ ਰਿਸਤਾ ਹੈ। ਕੰਮ ਕਰਨ ਦਰਮਿਆਨ ਕਈ ਵਾਰੀ ਅਜਿਹਾ ਵਾਪਰ ਜਾਂਦਾ ਹੈ ਅਤੇ ਇਸ ਮਸਲੇ ਨੂੰ ਮੁਕੰਮਲ ਤੌਰ ਤੇ ਸੁਲਝਾ ਲਿਆ ਗਿਆ ਹੈ।