63.68 F
New York, US
September 8, 2024
PreetNama
ਸਮਾਜ/Social

ਦਬਾਅ ਤੇ ਤਣਾਅ ਹੇਠ ਪੁਲਿਸ

ਲੋਕਾਂ ਨੂੰ ਇਨਸਾਫ਼ ਤੇ ਸੁਰੱਖਿਆ ਦੇਣ ਲਈ ਜ਼ਿੰਮੇਵਾਰ ਪੰਜਾਬ ਪੁਲਿਸ ਖ਼ੁਦ ਮਾਨਸਿਕ ਪੀੜਾ ਸਹਾਰਦੀ ਨਜ਼ਰ ਆ ਰਹੀ ਹੈ। ਗੌਰਵਸ਼ਾਲੀ ਇਤਿਹਾਸ ਦੀ ਵਾਰਿਸ ਪੰਜਾਬ ਪੁਲਿਸ 1861 ਵਿਚ ਹੋਂਦ ਵਿਚ ਆਈ ਸੀ ਜਿਸ ਨੇ ਆਪਣੇ ਲਗਪਗ ਡੇਢ ਸੌ ਸਾਲ ਦੇ ਸਫ਼ਰ ਦੌਰਾਨ ਸੂਰਬੀਰ ਤੇ ਜੁਝਾਰੂ ਬਿਰਤੀ ਦਾ ਪ੍ਰਗਟਾਵਾ ਵੀ ਕੀਤਾ। ਮੌਜੂਦਾ ਸਮੇਂ ਰਾਜਨੀਤਕ ਦਬਾਅ ਅਤੇ ਮਾਨਸਿਕ ਤਣਾਅ ਤੋਂ ਪੀੜਤ ਪੰਜਾਬ ਪੁਲਿਸ ਆਪਣਾ ਗੁਆਚਿਆ ਸਵੈਮਾਣ ਤਲਾਸ਼ਦੀ ਨਜ਼ਰ ਆ ਰਹੀ ਹੈ। ਥਾਣਿਆਂ ‘ਚ ਨਫ਼ਰੀ ਦੀ ਘਾਟ ਹੈ, ਉੱਤੋਂ ਵਾਧੂ ਡਿਊਟੀ ਦੇ ਭਾਰ ਨੇ ਜਵਾਨਾਂ ਨੂੰ ਮਾਨਸਿਕ ਤੌਰ ‘ਤੇ ਉਲਝਾ ਕੇ ਰੱਖ ਦਿੱਤਾ ਹੈ। ਬੇਵਕਤੀ ਖਾਣਾ-ਪੀਣਾ, ਬੇਵਕਤੀ ਸੌਣਾ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਇਹੋ ਕਾਰਨ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਪੁਲਿਸ ਮੁਲਾਜ਼ਮ 12 ਤੋਂ 36 ਘੰਟੇ ਤਕ ਨਿਰੰਤਰ ਡਿਊਟੀ ਕਰਦੇ ਹਨ। ਇਸ ਵਾਧੂ ਡਿਊਟੀ ਦੀ ਮਾਰ ਹੇਠ ਆਈ ਲੇਡੀ ਪੁਲਿਸ ਵੀ ਬਰਾਬਰ ਦੀ ਪੀੜਾ ਭੋਗਦੀ ਹੈ। ਦੂਜੇ ਪਾਸੇ ਰਾਜਨੀਤਕ ਦਬਾਅ ਦੀਆਂ ਕਹਾਣੀਆਂ ਕਿਸੇ ਤੋਂ ਲੁਕੀਆਂ ਨਹੀਂ ਹੋਈਆਂ। ਸਿਆਸੀ ਆਗੂਆਂ ਦੀਆਂ ਹਦਾਇਤਾਂ ਪੁਲਿਸ ਦੀ ਡਿਊਟੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਜੋ ਕਰਮਚਾਰੀ ਜਾਂ ਅਧਿਕਾਰੀ ਲੀਡਰਾਂ ਦੇ ਆਖੇ ਤੋਂ ਸਿਰ ਫ਼ੇਰਦਾ ਹੈ, ਉਹ ਖੁੱਡੇ ਲਾਈਨ ਲਾ ਦਿੱਤਾ ਜਾਂਦਾ ਹੈ। ਹਾਕਮ ਧਿਰ ਦੇ ਨੁਮਾਇੰਦਿਆਂ ਦੇ ਆਖੇ ਲੱਗ ਕੇ ਸਹੀ-ਗ਼ਲਤ ਕੰਮ ਕਰਨਾ ਪੁਲਿਸ ਦੀ ਕਾਰਜਪ੍ਰਣਾਲੀ ਦਾ ਹਿੱਸਾ ਬਣ ਚੁੱਕਾ ਹੈ। ਇਸ ਕਾਰਨ ਪੰਜਾਬ ਪੁਲਿਸ ਦੇ ਅਕਸ ਨੂੰ ਬਹੁਤ ਢਾਹ ਲੱਗ ਰਹੀ ਹੈ। ਇਸੇ ਕਾਰਨ ਪੁਲਿਸ ਅਮਨ ਪਸੰਦ ਲੋਕਾਂ ‘ਚੋਂ ਆਪਣਾ ਭਰੋਸਾ ਅਤੇ ਅਪਰਾਧੀ ਅਨਸਰਾਂ ‘ਚੋਂ ਆਪਣਾ ਭੈਅ ਗੁਆਉਂਦੀ ਜਾ ਰਹੀ ਹੈ। ਪੰਜਾਬ ਦੇ ਵਸ਼ਿੰਦਿਆਂ ਲਈ ਇਹ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਕਿ ਸਾਨੂੰ ਇਨਸਾਫ ਦਿਵਾਉਣ ਵਾਲੇ ਅਤੇ ਸਾਡੀ ਰਾਖੀ ਕਰਨ ਵਾਲੇ ਪਹਿਰੇਦਾਰ ਅੱਜ ਖ਼ੁਦ ਹੀ ਅਪਰਾਧਕ ਲੋਕਾਂ ਦੇ ਖੌਫ਼ ਹੇਠ ਨਜ਼ਰ ਆ ਰਹੇ ਹਨ। ਅੱਜ ਰਾਜਨੀਤਕ ਆਗੂ ਥਾਣਿਆਂ ਦਾ ਕੰਮ ਆਪਣੀ ਮਰਜ਼ੀ ਮੁਤਾਬਕ ਕਰਵਾਉਣ ਲਈ ਆਪਣੀ ਇੱਛਾ ਅਨੁਸਾਰ ਥਾਣੇ ਅਤੇ ਪੁਲਿਸ ਚੌਂਕੀਆਂ ਦੇ ਮੁਖੀ ਲਗਵਾਉਂਦੇ ਹਨ। ਸਿਆਸੀ ਆਗੂਆਂ ਤੋਂ ਫ਼ਾਇਦਾ ਲੈਣ ਲਈ ਚੋਣਾਂ ਮੌਕੇ ਬਹੁਤੇ ਪੁਲਿਸ ਅਧਿਕਾਰੀ ਮੁੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਅੰਦਰਖਾਤੇ ਚੋਣ ਫ਼ੰਡ ਵੀ ਮੁਹੱਈਆ ਕਰਵਾਉਂਦੇ ਹਨ ਤਾਂ ਜੋ ਸਰਕਾਰ ਕਿਸੇ ਦੀ ਵੀ ਆਵੇ, ਉਹ ਮਨ ਆਈਆਂ ਕਰ ਸਕਣ। ਜੇ ਸਰਕਾਰ ਵਾਕਈ ਪੁਲਿਸ ਦਾ ਭਲਾ ਚਾਹੁੰਦੀ ਹੈ ਤਾਂ ਉਸ ਦੇ ਕੰਮਕਾਜ ਵਿਚ ਨਾਜਾਇਜ਼ ਦਖ਼ਲਅੰਦਾਜ਼ੀ ਬੰਦ ਕਰਵਾਏ ਅਤੇ ਸਿਰਫ਼ ਕਾਰਗੁਜ਼ਾਰੀ ਦੇ ਆਧਾਰ ‘ਤੇ ਅਹੁਦੇ ਦਿੱਤੇ ਜਾਣ। ਮਹਿਕਮੇ ‘ਚੋਂ ਵਗਾਰ ਸੱਭਿਆਚਾਰਕ ਖ਼ਤਮ ਹੋਵੇ, ਨਫ਼ਰੀ ਵਿਚ ਵਾਧਾ ਕਰ ਕੇ ਪੁਲਿਸ ਨੂੰ ਆਧੁਨਿਕ ਸੂਚਨਾ ਤਕਨਾਲੌਜੀ ਨਾਲ ਲੈੱਸ ਕੀਤਾ ਜਾਵੇ ਤਾਂ ਜੋ ਪੁਲਿਸ ਜ਼ਰਾਇਮ ਪੇਸ਼ਾ ਅਨਸਰਾਂ ਨਾਲ ਨਿਪਟਣ ਦੇ ਯੋਗ ਬਣ ਸਕੇ।

ਰਾਮਦਾਸ ਬੰਗੜ

99153-53800

Related posts

ਦਿੱਲੀ ਭੁੱਖ ਹੜਤਾਲ ’ਤੇ ਬੈਠੀ ਆਤਿਸ਼ੀ ਦੀ ਸਿਹਤ ਵਿਗੜੀ

On Punjab

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ, ਦੇਸ਼ ‘ਚ ਹਾਲਾਤ ਗੰਭੀਰ

On Punjab

ਨਾਗਰਿਕਤਾ ਕਾਨੂੰਨ ‘ਤੇ ਸੁਪਰੀਮ ਕੋਰਟ ਦਾ ਝਟਕਾ, ਜਾਂਚ ਪੈਨਲ ਬਣਾਉਣ ਤੋਂ ਕੀਤਾ ਮਨ੍ਹਾ

On Punjab