29.25 F
New York, US
December 21, 2024
PreetNama
ਸਮਾਜ/Social

ਦਹੇਜ਼ ਪ੍ਰਥਾ ਕਾਰਨ ਅੱਜ ਵੀ ਕਈ ਘਰਾਂ ‘ਚ ਲੜਕੀ ਪੈਦਾ ਹੋਣ ‘ਤੇ ਬਣ ਜਾਂਦੈ ਸੋਗ ਵਰਗਾ ਮਾਹੌਲ

ਬਦਲਵੇਂ ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ, ਪਰ ਦਹੇਜ਼ ਪ੍ਰਥਾ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ। ਭਾਵੇਂ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਹੈ, ਪਰ ਇਹ ਪ੍ਰਥਾ ਅਮੀਰਾਂ ਦੀ ਦੇਣ ਹੈ ਅਤੇ ਇਸ ਦਾ ਦੁੱਖ ਸਭ ਤੋਂ ਵੱਧ ਗਰੀਬਾਂ ਨੂੰ ਭੁਗਤਨਾ ਪੈਂਦਾ ਹੈ। ਅਮੀਰ ਤਾਂ ਸ਼ੌਂਕ ਅਤੇ ਸਟੇਟਸ ਦੇ ਲਈ ਲੱਖਾਂ ਰੁਪਏ ਵਿਆਹ ‘ਤੇ ਲਗਾ ਦਿੰਦਾ ਹੈ, ਪਰ ਗਰੀਬ ਨੂੰ ਤਾਂ ਪੈਸਾ-ਪੈਸਾ ਜੋੜ ਕੇ ਹੱਥ ਤੰਗ ਕਰਕੇ ਵਿਆਹ ‘ਤੇ ਲਗਾਉਣੇ ਪੈਂਦੇ ਹਨ ਅਤੇ ਕਈਆਂ ਉੱਪਰ ਤਾਂ ਫਿਰ ਵੀ ਕਰਜ਼ਾ ਚੜ੍ਹ ਜਾਂਦਾ ਹੈ।
ਕੁੜੀ ਨੂੰ ਉਸ ਦੇ ਵਿਆਹ ਮੌਕੇ ਉਸ ਦੇ ਮਾਪਿਆਂ ਦੁਆਰਾ ਮਹਿੰਗੇ ਤੋਹਫੇ, ਗਹਿਣੇ ਅਤੇ ਧੰਨ ਦੇਣ ਦਾ ਰਿਵਾਜ਼ ਜਗੀਰਦਾਰੀ ਸਮਾਜ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਰਾਜੇ ਅਤੇ ਵੱਡੇ ਜਗੀਰਦਾਰ ਆਪਣੀਆਂ ਕੁੜੀਆਂ ਦੇ ਵਿਆਹ ‘ਤੇ ਇੱਕ ਦੂਜੇ ਤੋਂ ਵੱਧ-ਚੜ੍ਹ ਕੇ ਦਹੇਜ਼ ਦਿੰਦੇ ਸਨ। ਇਸ ਪਿੱਛੇ ਉਨ੍ਹਾਂ ਦੇ ਸਮਾਜਿਕ ਰੁਤਬੇ ਤੇ ਸ਼ਾਨੋ-ਸ਼ੌਕਤ ਦਾ ਪ੍ਰਗਟਾਵਾ ਸੀ। ਨਾ ਸਿਰਫ ਅਮੀਰ ਘਰਾਣੇ, ਸਗੋਂ ਆਮ ਲੋਕਾਂ ਵਿੱਚ ਵੀ ਇਹ ਪ੍ਰਥਾ ਉਦੋਂ ਮਸ਼ਹੂਰ ਸੀ। ਇਸ ਲਈ ਪੁਰਾਣੇ ਸਮੇਂ ਇਹ ਪ੍ਰਥਾ ਲੋਕਾਂ ਦੇ ਜੀਵਨ ਨਾਲ ਸਬੰਧਿਤ ਰਹੀ ਹੈ, ਪਰ ਅੱਜ 21ਵੀਂ ਸਦੀ ਵਿੱਚ ਵੀ ਇਹ ਰੂੜੀਵਾਦੀ ਪ੍ਰਥਾ ਲੋਕਾਂ ਦੀ ਮਾਨਸਿਕਤਾ ਅੰਦਰ ਘਰ ਬਣਾਈ ਬੈਠੀ ਹੈ।
ਇਹ ਪ੍ਰਥਾ ਪਹਿਲੇ ਸਮੇਂ ਨਾਲੋਂ ਕਿਤੇ ਜ਼ਿਆਦਾ ਘਿਨੌਣਾ ਰੂਪ ਧਾਰਨ ਕਰ ਗਈ ਹੈ, ਕਿਉਂਕਿ ਸਰਮਾਏਦਾਰੀ ਸਮਾਜ ਵਿੱਚ ਹਰ ਚੀਜ਼ ਮੁਨਾਫੇ ਜਾਂ ਵੱਧ ਤੋਂ ਵੱਧ ਧੰਨ ਇਕੱਤਰ ਕਰਨ ਦੇ ਪੱਖ ਤੋਂ ਦੇਖੀ ਜਾਂਦੀ ਹੈ ਤਾਂ ਵਿਆਹ ਪ੍ਰਣਾਲੀ ਵੀ ਧੰਨ ਇਕੱਠਾ ਕਰਨ ਦਾ ਅੱਜ ਸਾਧਨ ਬਣ ਗਈ ਹੈ। ਸਮਾਜ ਦਾ ਹਰ ਤਬਕਾ ਗਰੀਬ, ਅਮੀਰ ਅਤੇ ਮੱਧ-ਵਰਗ ਵਿਆਹਾਂ ‘ਤੇ ਦਹੇਜ਼ ਦਾ ਲੈਣ-ਦੇਣ ਕਰਦਾ ਹੈ। ਦਾਜ-ਦਹੇਜ਼ ਉਨ੍ਹਾਂ ਨੂੰ ਸਮਾਜਿਕ ਕੁਰੀਤੀ ਦੇ ਰੂਪ ਵਿੱਚ ਨਜ਼ਰ ਨਹੀਂ ਆਉਂਦਾ, ਸਗੋਂ ਮਹੱਤਵਪੂਰਨ ਰਸਮ ਮੰਨਿਆ ਜਾਂਦਾ ਹੈ। ਦੂਜੇ ਪਾਸੇ ਕੁੜੀ ਦੇ ਜਨਮ ਤੋਂ ਹੀ ਪਰਿਵਾਰ ਨੂੰ ਉਸ ਦੇ ਵਿਆਹ ਦਾ ਫਿਕਰ ਖਾਣ ਲੱਗ ਜਾਂਦਾ ਹੈ।
ਖੌਰੇ, ਇਸੇ ਕਾਰਨ ਹੀ ਅੱਜ ਵੀ ਕਈ ਘਰਾਂ ਵਿੱਚ ਲੜਕੀ ਪੈਦਾ ਹੋਣ ‘ਤੇ ਸੋਗ ਦਾ ਮਾਹੌਲ ਜਿਹਾ ਬਣ ਜਾਂਦਾ ਹੈ। ਤਾਜ਼ਾ ਹਲਾਤਾਂ ‘ਤੇ ਨਿਘਾ ਮਾਰੀ ਜਾਵੇ ਤਾਂ ਵਿਆਹ ਮੌਕੇ ਮਾਪਿਆਂ ਵੱਲੋਂ ਆਪਣੀ ਲੜਕੀ ਨੂੰ ਦਾਜ ਦੇਣ ਤੋਂ ਮਗਰੋਂ ਵੀ ਲੜਕੀ ਦੇ ਸਹੁਰਿਆਂ ਵੱਲੋਂ ਉਸ ਨੂੰ ਲਗਾਤਾਰ ਹੋਰ ਦਾਜ਼ ਲਿਆਉਣ ਲਈ ਦਬਾ ਪਾਇਆ ਜਾਂਦਾ ਹੈ। ਦਾਜ ਲਿਆਉਣ ਲਈ ਜਾਂ ਤਾਂ ਉਸ ਦੀ ਕੁੱਟਮਾਰ ਜਾਂਦੀ ਹੈ ਜਾਂ ਫਿਰ ਸਰੀਰਕ ਤੇ ਮਾਨਸਿਕ ਹਿੰਸਾ ਕਾਰਨ ਕਈ ਵਿਆਹੁਤਾਵਾਂ ਖੁਦਕੁਸ਼ੀ ਕਰ ਲੈਂਦੀਆਂ ਹਨ ਅਤੇ ਕਈਆਂ ਨੂੰ ਸਹੁਰਿਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ।
ਸਾਡੇ ਭਾਰਤ ਵਿੱਚ ਸਾਰੇ ਜ਼ੁਲਮ ਅਜਿਹੇ ਹਨ, ਜਿਨ੍ਹਾਂ ਨੂੰ ਜ਼ੁਲਮ ਮੰਨਿਆ ਹੀ ਨਹੀਂ ਜਾਂਦਾ, ਸਗੋਂ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਆਮ ਜਿਹੀ ਗੱਲ ਸਮਝੀ ਜਾਂਦੀ ਹੈ। ਜਿਵੇਂ ਵਿਆਹੁਤਾ ਬਲਾਤਕਾਰ, ਲੜਕੇ ਅਤੇ ਲੜਕੀ ਵਿੱਚ ਭੇਦ-ਭਾਵ, ਔਰਤਾਂ ‘ਤੇ ਪਾਬੰਦੀਆਂ ਆਦਿ। ਇਨ੍ਹਾਂ ਵਿੱਚੋਂ ਦਹੇਜ਼ ਵੀ ਅਜਿਹੀ ਪ੍ਰਥਾ ਹੈ, ਜਿਸ ਨੂੰ ਸਮਾਜ ਨੇ ਕੋਈ ਕੁਰੀਤੀ ਜਾਂ ਔਰਤ ਵਿਰੋਧੀ ਪ੍ਰਥਾ ਮੰਨਣਾ ਸਿੱਖਿਆ ਹੀ ਨਹੀਂ। ਵੇਖਿਆ ਜਾਵੇ ਤਾਂ ਬਚਪਨ ਤੋਂ ਨਿੱਕੀ ਬਾਲੜੀ ਨੂੰ ਪਾਲਣ-ਪੋਸ਼ਣ ਸਮੇਂ ਦਹੇਜ਼ ਬਾਰੇ ਗੱਲਾਂ ਘਰਾਂ ਵਿੱਚ ਆਮ ਵਿਸ਼ੇ ਹੁੰਦੇ ਹਨ।
ਕੁੜੀਆਂ ਅਤੇ ਮੁੰਡਿਆਂ ਦੀ ਮਾਨਸਿਕਤਾ ਅਜਿਹੀ ਬਣਾਈ ਜਾਂਦੀ ਹੈ ਕਿ ਉਨ੍ਹਾਂ ਨੂੰ ਦਾਜ ਦਾ ਲੈਣ-ਦੇਣ ਕੋਈ ਓਪਰੀ ਗੱਲ ਹੀ ਨਾ ਲੱਗੇ। ਹਰ ਲੜਕੀ ਦੇ ਪਰਿਵਾਰ (ਖਾਸ ਕਰ ਮੱਧ-ਵਰਗ ਅਤੇ ਹੇਠਲੇ-ਵਰਗ) ਨੂੰ ਅੰਦਰੋਂ-ਅੰਦਰੀ ਦਹੇਜ਼ ਦੇਣ ਦੀ ਚਿੰਤਾਂ ਵੀ ਸਤਾਉਂਦੀ ਹੈ। ਇਸੇ ਲਈ ਕੁੜੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਪੈਦਾ ਹੁੰਦੀਆਂ ਹਨ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦਹੇਜ਼ ਵਰਗੀਆਂ ਅਲਾਮਤਾਂ ਨੂੰ ਲੋਕਾਂ ਦੀ ਮਾਨਸਿਕਤਾ ਵਿੱਚੋਂ ਕੱਢਣਾ ਕੋਈ ਜਾਦੂ ਦੀ ਛੜੀ ਘੁੰਮਾਉਣ ਵਾਲਾ ਕੰਮ ਨਹੀਂ, ਲੋਕਾਂ ਦੀ ਸੋਚ ਬਦਲਣ ਦੀ ਲੋੜ ਹੈ।
 
 
ਲੇਖਿਕਾ : ਪਰਮਜੀਤ ਕੌਰ ਸਿੱਧੂ

Related posts

ਸਿਰਸਾ ‘ਚ ਹਿੰਸਕ ਭੇੜ ਮਗਰੋਂ ਹਰਿਆਣਾ ਪੁਲਿਸ ਨੇ ਉਠਾਏ ਪੰਜਾਬ ਪੁਲਿਸ ‘ਤੇ ਸਵਾਲ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

ਭਾਰਤ ‘ਚ ਕਾਰ ਉਦਯੋਗ ਢਹਿ-ਢੇਰੀ, ਟਰੈਕਟਰਾਂ ਦੀ ਵੀ ਮੰਦਾ ਹਾਲ

On Punjab