ਪੁਣੇ: ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਅੱਜ ਪੁਣੇ ਦੇ ਕੋਥਰੂਡ ਇਲਾਕੇ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਸਮਾਗਮ ਵਿੱਚ ਸ਼ਰਾਬ ਪਰੋਸੇ ਜਾਣ ਦਾ ਪਰਮਿਟ ਰੱਦ ਕਰ ਦਿੱਤਾ। ਕੋਥਰੂਡ ਦੇ ਨਵ-ਨਿਯੁਕਤ ਭਾਜਪਾ ਵਿਧਾਇਕ ਚੰਦਰਕਾਂਤ ਪਾਟਿਲ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਰਾਬ ਪਰੋਸਣ ਦੀ ਯੋਜਨਾ ’ਤੇ ਇਤਰਾਜ਼ ਜਤਾਏ ਜਾਣ ਮਗਰੋਂ ਵਿਭਾਗ ਨੇ ਪਰਮਿਟ ਰੱਦ ਕੀਤਾ ਹੈ। ਸੂਬੇ ਦੇ ਆਬਕਾਰੀ ਕਮਿਸ਼ਨਰ ਸੀ. ਰਾਜਪੂਤ ਨੇ ਕਿਹਾ, ‘‘ਸੂਬੇ ਦੇ ਆਬਕਾਰੀ ਵਿਭਾਗ ਨੇ ਪ੍ਰੋਗਰਾਮ ਦੌਰਾਨ ਸ਼ਰਾਬ ਪਰੋਸਣ ਦੀ ਮਨਜ਼ੂਰੀ ਰੱਦ ਕਰ ਦਿੱਤੀ ਹੈ।’’ ਵਿਧਾਇਕ ਪਾਟਿਲ ਨੇ ਕੋਥਰੂਡ ਦੇ ਕਾਕੜੇ ਫਾਰਮ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਪ੍ਰੋਗਰਾਮ ’ਤੇ ਇਤਰਾਜ਼ ਪ੍ਰਗਟਾਇਆ ਸੀ। ਭਾਜਪਾ ਆਗੂ ਨੇ ਬਿਆਨ ਵਿੱਚ ਕਿਹਾ, ‘‘ਅਜਿਹੇ ਸ਼ੋਅ ਸ਼ਹਿਰ ਦੇ ਸਭਿਆਚਾਰ ਦਾ ਹਿੱਸਾ ਨਹੀਂ ਹਨ। ਇਸ ਨਾਲ ਇਲਾਕਾ ਵਾਸੀਆਂ ਨੂੰ ਵੱਡੇ ਪੱਧਰ ’ਤੇ ਪ੍ਰੇਸ਼ਾਨੀ ਹੋਵੇਗੀ ਅਤੇ ਟਰੈਫਿਕ ਜਾਮ ਵੀ ਲੱਗਣਗੇ। ਇਸ ਲਈ ਮੈਂ ਸਿਟੀ ਪੁਲੀਸ ਕਮਿਸ਼ਨਰ ਨੂੰ ਪ੍ਰੋਗਰਾਮ ਰੱਦ ਕਰਨ ਦੀ ਅਪੀਲ ਕਰਦਾ ਹਾਂ।’’