20.35 F
New York, US
January 23, 2025
PreetNama
ਸਮਾਜ/Social

ਧੀ ਨਾ ਮੈਨੂੰ ਜਾਣੀਂ ਬਾਬਲਾ

ਲੁਧਿਆਣਾ ਵਿਚ ਇਕ ਨਵਜੰਮੀ ਬੱਚੀ ਕੂੜੇ ਦੇ ਢੇਰ ‘ਚ ਮਿਲਣ ਕਾਰਨ ਸ਼ਹਿਰ ਅਤੇ ਮੀਡੀਆ ਵਿਚ ਹਲਚਲ ਹੋਈ। ਬੱਚੀ ਦੇ ਮਾਪਿਆਂ ਨੇ ਉਸ ਨੂੰ ਧੀ ਹੋਣ ਕਾਰਨ ਲਾਵਾਰਸ ਛੱਡ ਦਿੱਤਾ ਸੀ। ਪਤਾ ਨਹੀਂ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸ ਦੇ ਨਿਰਦਈ ਮਾਪਿਆਂ ਨੇ ਅਜਿਹੇ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ। ਪੂਰੀ ਯੋਜਨਾ ਨਾਲ ਇਹ ਕੰਮ ਕੀਤਾ ਗਿਆ ਸੀ ਤੇ ਬੱਚੀ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਇਕ ਭਲੇ ਪੁਰਸ਼ ਨੇ ਉਸ ਦੀ ਚੀਕ ਸੁਣੀ ਅਤੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ। ਕੂੜੇ ਦੇ ਢੇਰ ‘ਚੋਂ ਬੱਚੀ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਸਮੇਂ ਸਿਰ ਇਲਾਜ ਮਿਲਣ ਕਾਰਨ ਉਸ ਬੱਚੀ ਦੀ ਜਾਨ ਬਚ ਗਈ ਪਰ ਇਹ ਘਟਨਾ ਸਮਾਜ, ਬੁੱਧੀਜੀਵੀਆਂ ਨੂੰ ਬਹੁਤ ਵੱਡੇ ਸਵਾਲ ਵੀ ਖੜ੍ਹੇ ਕਰ ਗਈ। ਜੇ ਇਹੋ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਉਹ ਮਾਪੇ ਉਸ ਨੂੰ ਕੂੜੇ ਦੇ ਢੇਰ ‘ਚ ਨਾ ਸੁੱਟਦੇ। ਧੀ ਹੋਣ ਕਾਰਨ ਉਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਗਈ ਜਿਸ ਵਿਚ ਉਸ ਦਾ ਕੋਈ ਕਸੂਰ ਨਹੀਂ ਸੀ। ਕੀ ਪਤਾ ਉਹ ਕਲਪਨਾ ਚਾਵਲਾ, ਮਦਰ ਟੈਰੇਸਾ ਬਣੇਗੀ ਜਾਂ ਕਿਸੇ ਸੂਰਬੀਰ ਯੋਧੇ ਨੂੰ ਜਨਮ ਦੇਵੇਗੀ।

ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸਮਾਜ ਦੇ ਮੱਥੇ ‘ਤੇ ਬਦਨੁਮਾ ਦਾਗ਼ ਹਨ। ਬੇਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦ ਆਪਣੇ ਹੀ ਆਪਣੇ ਖ਼ੂਨ ਨੂੰ ਇਸ ਤਰ੍ਹਾਂ ਰੋਲਣ ਲੱਗੇ ਹਨ। ਇਹ ਮੰਨਿਆ ਜਾਂਦਾ ਹੈ ਕਿ ਨਾਗਿਨ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਪਰ ਅਜੋਕਾ ਮਨੁੱਖ ਵੀ ਉਸੇ ਰਾਹ ‘ਤੇ ਤੁਰ ਪਿਆ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਰ ਵਰਗ ਦਾ ਹਰਮਨ-ਪਿਆਰਾ ਰਾਜਾ ਹੋਇਆ ਹੈ। ਉਸ ਦੇ ਰਾਜ ਵਿਚ ਸਾਰੇ ਲੋਕ ਖ਼ੁਸ਼ਹਾਲ ਸਨ ਅਤੇ ਦੀਨ-ਦੁਖੀਆਂ ਦੀ ਪੁਕਾਰ ਉਹ ਵਿਸ਼ੇਸ਼ ਤੌਰ ‘ਤੇ ਸੁਣਦਾ ਸੀ। ਉਸ ਦੀ ਮਾਤਾ ਰਾਜ ਕੌਰ ਪੰਜਾਬ ਦੇ ਮਾਲਵੇ ਇਲਾਕੇ ਦੀ ਜੰਮਪਲ ਸੀ ਜਿਸ ਕਾਰਨ ਇਤਿਹਾਸ ਵਿਚ ਉਸ ਨੂੰ ਮਾਈ ਮਲਵੈਣ ਕਹਿ ਕੇ ਸੱਦਿਆ ਜਾਂਦਾ ਹੈ। ਉਸ ਸਮੇਂ ਨਵਜੰਮੀਆਂ ਧੀਆਂ ਨੂੰ ਮਾਰਨ ਦਾ ਆਮ ਰਿਵਾਜ਼ ਸੀ। ਉਨ੍ਹਾਂ ਨੂੰ ਜ਼ਿਆਦਾ ਅਫ਼ੀਮ ਖੁਆ ਕੇ ਜਾਂ ਪਾਣੀ ‘ਚ ਡੋਬ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਘੜੇ ‘ਚ ਪਾ ਕੇ ਧਰਤੀ ਵਿਚ ਦੱਬ ਦਿੱਤਾ ਜਾਂਦਾ ਸੀ। ਜਦੋਂ ਰਾਜ ਕੌਰ ਦਾ ਜਨਮ ਹੋਇਆ ਤਾਂ ਰਿਵਾਜ਼ ਅਨੁਸਾਰ ਪਰਿਵਾਰ ਨੇ ਵੀ ਉਸ ਨੂੰ ਮਾਰਨ ਦੀ ਤਰਕੀਬ ਸੋਚੀ। ਉਸ ਨੂੰ ਵੀ ਘੜੇ ‘ਚ ਪਾ ਕੇ ਧਰਤੀ ਵਿਚ ਜਦ ਦੱਬਣ ਲੱਗੇ ਤਾਂ ਅਚਨਚੇਤ ਕਿਸੇ ਪਰਿਵਾਰਕ ਮੈਂਬਰ ਨੇ ਉਸ ਬੱਚੀ ਨੂੰ ਘੜੇ ‘ਚੋਂ ਬਾਹਰ ਕੱਢਿਆ ਤੇ ਸਾਰਿਆਂ ਨੂੰ ਬਹੁਤ ਲਾਹਨਤਾਂ ਪਾਈਆਂ। ਉਹ ਬੱਚੀ ਬਚ ਗਈ ਤੇ ਰਾਜ ਕੌਰ ਬਣ ਗਈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਜੋ ਦੁਨੀਆ ਦੇ ਇਤਿਹਾਸ ਵਿਚ ਵੱਖਰੀ ਪਛਾਣ ਰੱਖਦਾ ਹੈ। ਜੇਕਰ ਉਸ ਸਮੇਂ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੁੰਦਾ। ਧੀਆਂ ਦੀ ਜਾਨ ਲੈਣ ਦਾ ਵਰਤਾਰਾ ਪ੍ਰਾਚੀਨ ਕਾਲ ਤੋਂ ਚਲਦਾ ਆ ਰਿਹਾ ਹੈ। ਗੁਰੂਆਂ-ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ-ਸਮੇਂ ਇਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਅਲਟਰਾਸਾਊਂਡ ਦੀ ਕਾਢ ਮਨੁੱਖ ਦੇ ਭਲੇ ਲਈ ਕੱਢੀ ਗਈ ਸੀ ਪਰ ਅੱਜਕੱਲ੍ਹ ਮਰੀ ਜ਼ਮੀਰ ਵਾਲੇ ਲੋਕਾਂ ਵੱਲੋਂ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸੰਨ 1979 ਵਿਚ ਅਲਟਰਾਸਾਊਂਡ ਦੀ ਆਮਦ ਦੇਸ਼ ਵਿਚ ਹੋਈ ਸੀ। ਹੌਲੀ-ਹੌਲੀ ਇਸ ਦੀ ਵਰਤੋਂ ਗਰਭ ‘ਚ ਪਲ ਰਹੇ ਬੱਚੇ ਦੇ ਲਿੰਗ ਬਾਰੇ ਪਤਾ ਲਗਾਉਣ ਲਈ ਸ਼ੁਰੂ ਹੋ ਗਈ। ਬੱਚੀ ਹੋਣ ਦੀ ਸੂਰਤ ਵਿਚ ਉਸ ਨੂੰ ਗਰਭ ਵਿਚ ਹੀ ਮਾਰ-ਮੁਕਾਇਆ ਜਾਣ ਲੱਗਾ ਤੇ ਇਹ ਵਰਤਾਰਾ ਸਿਖ਼ਰ ‘ਤੇ ਹੈ। ਪੜ੍ਹੇ-ਲਿਖੇ ਅਗਾਂਹਵਧੂ ਕਹਾਉਂਦੇ ਲੋਕ ਵੀ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦੇ ਰਹੇ ਹਨ। ਦੇਸ਼ ਪੱਧਰ ‘ਤੇ ਸੰਨ 1901 ਵਿਚ ਪੁਰਸ਼-ਮਹਿਲਾ ਅਨੁਪਾਤ 1000 : 972 ਸੀ ਜੋ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੌ ਸਾਲ ਬਾਅਦ ਭਾਵ ਸੰਨ 2001 ਇਹ ਅਨੁਪਾਤ 1000 : 933 ਰਹਿ ਗਿਆ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ‘ਤੇ 1000 : 940 ਅਨੁਪਾਤ ਪਾਇਆ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਇਹ ਅਨੁਪਾਤ ਕ੍ਰਮਵਾਰ 1000 : 846 ਅਤੇ 1000 : 830 ਹੈ। ਹਰਿਆਣਾ ਦੇ ਇਕ ਫਿਰਕੇ ਦੇ ਲੜਕਿਆਂ ਨੂੰ ਤਾਂ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ ਜਿਸ ਕਾਰਨ ਉਨ੍ਹਾਂ ਨੂੰ ਦੂਜੇ ਸੂਬਿਆਂ ‘ਚ ਲੜਕੀਆਂ ਲਈ ਪਹੁੰਚ ਕਰਨੀ ਪੈ ਰਹੀ ਹੈ।

ਇਕ ਗ਼ੈਰ ਸਰਕਾਰੀ ਸੰਸਥਾ ਅਨੁਸਾਰ ਦੇਸ਼ ਅੰਦਰ ਵੱਖ-ਵੱਖ ਥਾਵਾਂ ‘ਤੇ ਹਰ ਰੋਜ਼ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ ਜਿਨ੍ਹਾਂ ‘ਚੋਂ 90 ਫ਼ੀਸਦੀ ਕੁੜੀਆਂ ਹੁੰਦੀਆਂ ਹਨ। ਲਾਵਾਰਸ ਥਾਵਾਂ ਤੋਂ ਚੁੱਕ ਕੇ ਇਨ੍ਹਾਂ ਨੂੰ ਅਨਾਥ ਆਸ਼ਰਮਾਂ ‘ਚ ਪਹੁੰਚਾ ਦਿੱਤਾ ਜਾਂਦਾ ਹੈ। ਜ਼ਿਆਦਾਤਰ ਅਨਾਥ ਆਸ਼ਰਮਾਂ ‘ਚ ਇਹ ਬੱਚੇ ਨਰਕਮਈ ਜ਼ਿੰਦਗੀ ਜਿਊਂਦੇ ਹਨ, ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਹੈ। ਮੀਡੀਆ ਨੇ ਅਜਿਹੇ ਅਣਗਿਣਤ ਮਾਮਲਿਆਂ ਦਾ ਖ਼ੁਲਾਸਾ ਕੀਤਾ ਹੈ। ਧੀਆਂ ਬਾਰੇ ਲੋਕਾਂ ਨੂੰ ਨਜ਼ਰੀਆ ਬਦਲਣਾ ਪਵੇਗਾ ਤੇ ਉਨ੍ਹਾਂ ਦੀ ਸੁਰੱਖਿਆ ਲਈ ਖ਼ੁਦ ਅੱਗੇ ਆਉਣਾ ਹੋਵੇਗਾ। ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਰੂਰਤ ਹੈ। ਸਮਾਜ ਅੰਦਰ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਧੀਆਂ ‘ਤੇ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇ।

ਗੁਰਤੇਜ ਸਿੰਘ

94641-72783

Related posts

ਵਿਨੈ ਨੂੰ ਛੱਡ ਬਾਕੀ 3 ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ: ਪਟਿਆਲਾ ਹਾਈਕੋਰਟ

On Punjab

ਜਲੰਧਰ ਦੀ ਕੁੜੀ ਦਾ ਕੈਨੇਡਾ ‘ਚ ਕਤਲ

On Punjab

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ

On Punjab