ਪੰਛੀਆਂ ਲਈ ਜਾਨਲੇਵਾ ਬਰਡ ਫਲੂ ਹੁਣ ਇਨਸਾਨਾਂ ਲਈ ਵੀ ਖ਼ਤਰਨਾਕ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਭਾਰਤ ਵਿਚ ਵੀ ਇਸ ਦੇ ਖਤਰੇ ਦੀ ਘੰਟੀ ਵੱਜ ਗਈ ਹੈ। ਇੱਥੇ ਪੱਛਮੀ ਬੰਗਾਲ ਵਿੱਚ ਇੱਕ ਚਾਰ ਸਾਲ ਦਾ ਬੱਚਾ H9N2 ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਬਰਡ ਫਲੂ ਕਾਰਨ ਕਿਸੇ ਵਿਅਕਤੀ ਦੇ ਬਿਮਾਰ ਹੋਣ ਦਾ ਇਹ ਪਹਿਲਾ ਮਾਮਲਾ ਹੈ
WHO ਨੇ ਕਿਹਾ ਕਿ ਮਰੀਜ਼ (4 ਸਾਲ ਦਾ ਬੱਚਾ) ਨੂੰ ਲਗਾਤਾਰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੇ ਤੇਜ਼ ਬੁਖਾਰ ਅਤੇ ਪੇਟ ਵਿਚ ਕੜਵੱਲ ਦੀ ਸ਼ਿਕਾਇਤ ਵੀ ਕੀਤੀ। ਜਿਸ ਤੋਂ ਬਾਅਦ ਫਰਵਰੀ ਵਿੱਚ ਉਸ ਨੂੰ ਹਸਪਤਾਲ ਦੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਭਰਤੀ ਕਰਵਾਇਆ ਗਿਆ ਸੀ। ਕਰੀਬ 3 ਮਹੀਨੇ ਤੱਕ ਜਾਂਚ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਵਿਸ਼ਵ ਸਿਹਤ ਏਜੰਸੀ ਨੇ ਦੱਸਿਆ ਕਿ ਮਰੀਜ਼ ਦੇ ਘਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਰਗੇ ਸਨ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਬਰਡ ਫਲੂ ਨਾਲ ਸੰਕਰਮਿਤ (Bird Flu) ਹੋ ਗਿਆ। WHO ਨੂੰ ਉਸ ਦੇ ਪਰਿਵਾਰ ਜਾਂ ਖੇਤਰ ਦੇ ਕਿਸੇ ਹੋਰ ਵਿਅਕਤੀ ਵਿੱਚ ਸਾਹ ਦੀ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ ਹਨ।
ਡਬਲਯੂਐਚਓ ਨੇ ਇਹ ਵੀ ਕਿਹਾ ਕਿ ਜਦੋਂ ਬੱਚੇ ਵਿੱਚ ਇਹ ਲੱਛਣ ਪਾਏ ਗਏ, ਤਾਂ ਟੀਕਾਕਰਨ ਅਤੇ ਇਲਾਜ ਬਾਰੇ ਕੋਈ ਵੇਰਵਾ ਉਪਲਬਧ ਨਹੀਂ ਸੀ। ਏਜੰਸੀ ਨੇ ਕਿਹਾ ਕਿ ਭਾਰਤ ਤੋਂ ਮਨੁੱਖਾਂ ਵਿੱਚ H9N2 ਬਰਡ ਫਲੂ ਦਾ ਇਹ ਦੂਜਾ ਮਾਮਲਾ ਹੈ। ਪਹਿਲਾ ਮਾਮਲਾ 2019 ਵਿੱਚ ਸਾਹਮਣੇ ਆਇਆ ਸੀ।