ਚੰਡੀਗੜ੍ਹ: ਤਿੰਨ ਮਹੀਨੇ ਬਾਅਦ ਵਿਧਾਇਕ ਪ੍ਰਤਾਪ ਬਾਜਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੱਸਣ ਵਾਲੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਮੁਆਫੀ ਮੰਗ ਲਈ ਹੈ। ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਕੋਲੋਂ ਗਲਤੀ ਨਾਲ ਅਜਿਹੇ ਲਫਜ਼ ਕਹੇ ਗਏ ਸੀ ਅਤੇ ਹੁਣ ਉਹ ਆਪਣੀ ਗ਼ਲਤੀ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਦੇ ਬੌਸ ਕੈਪਟਨ ਅਮਰਿੰਦਰ ਸਿੰਘ ਹੀ ਹਨ।
ਹਾਲਾਂਕਿ ਇਸ ਦੇ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਪ੍ਰਤਾਪ ਬਾਜਵਾ ‘ਤੇ ਵੀ ਕ੍ਰਿਪਾ ਹੋਵੇ, ਉਨ੍ਹਾਂ ਨੂੰ ਵੀ ਚੰਗੀ ਥਾਂ ਮਿਲੇ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਬਾਅਦ ਸੀਐਮ ਬਦਲਣ ਵਾਲੀ ਕੋਈ ਗੱਲ ਨਹੀਂ। ਕੈਪਟਨ ਹੀ ਸਾਡੇ ਬੌਸ ਹਨ। ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਲੋਕਾਂ ਨੇ ਪ੍ਰਤਾਪ ਬਾਜਵਾ ਦੀ ਬੜੀ ਤਾਰੀਫ ਕੀਤੀ ਸੀ। ਪ੍ਰਤਾਪ ਬਾਜਵਾ ਨੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਸੀ ਤੇ ਉਨ੍ਹਾਂ ਨੂੰ ਜਿਤਾਉਣ ਵਿੱਚ ਵੀ ਬਾਜਵਾ ਦਾ ਵੱਡਾ ਹੱਥ ਸੀ।
ਅਕਾਲੀ ਦਲ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਤਾਂ ਪੰਜਾਬ ਦਾ ਖਜ਼ਾਨਾ ਖਾਲੀ ਕਰ ਦਿੱਤਾ ਸੀ। ਕੈਪਟਨ ਸਰਕਾਰ ਨੇ ਪੰਜਾਬ ਨੂੰ ਫਿਰ ਪੈਰਾਂ ‘ਤੇ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਐਮ ਕੈਪਟਨ ਉਨ੍ਹਾਂ ਨੂੰ ਬੱਚਿਆਂ ਵਾਂਗ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਕੈਪਟਨ ਸਰਕਾਰ ਨਾਲ ਖੜੇ ਹੋ ਕੇ ਕੰਮ ਕਰ ਰਹੇ ਹਨ।