32.67 F
New York, US
December 27, 2024
PreetNama
ਸਮਾਜ/Social

ਪ੍ਰੋ. ਪ੍ਰੀਤਮ ਸਿੰਘ ਦੀ ਮਾਂ ਬੋਲੀ ਲਈ ਪੀੜ

ਗੱਲ ਰਤਾ ਪੁਰਾਣੀ ਹੋ ਚੁੱਕੀ ਹੈ। ਸ਼ਾਇਦ ਸੰਨ 2001 ਦੀ ਜਾਂ 2002 ਸਰਦੀਆਂ ਵੇਲੇ ਦੀ ਹੈ। ਮੇਰੇ ਭਾਪਾ ਜੀ ਪ੍ਰੋ. ਪ੍ਰੀਤਮ ਸਿੰਘ ਨੂੰ ਕੁਝ ਪੰਜਾਬੀ ਲੇਖਕ ਮਿਲਣ ਪਹੁੰਚੇ ਹੋਏ ਸਨ। ਮੇਰਾ ਕੰਮ ਉਨ੍ਹਾਂ ਨੂੰ ਚਾਹ ਪਿਆਉਣ ਦਾ ਸੀ। ਚਾਹ ਤੇ ਬਿਸਕੁਟ ਫੜਾਉਂਦਿਆਂ ਕੁਝ ਗੱਲਾਂ ਜੋ ਭਾਪਾ ਜੀ ਉਨ੍ਹਾਂ ਨੂੰ ਸਮਝਾ ਰਹੇ ਸਨ, ਮੇਰੇ ਕੰਨੀਂ ਵੀ ਪੈ ਗਈਆਂ। ਉਹ ਕਹਿ ਰਹੇ ਸਨ- ‘ਇੱਕੀਵੀਂ ਸਦੀ ਦੀ ਮਾਰ ਤੋਂ ਓਹੀ ਬੋਲੀਆਂ ਬਚ ਸਕਦੀਆਂ ਨੇ ਜਿਨ੍ਹਾਂ ਦਾ ਹਰ ਬੁਲਾਰਾ ਉਨ੍ਹਾਂ ਨੂੰ ਕੱਸ ਕੇ ਆਪਣੀ ਛਾਤੀ ਨਾਲ ਲਾਈ ਰੱਖੇ ਅਤੇ ਉਸ ਦੀ ਥਾਂ ਮੱਲਣ ਲਈ ਤਿਆਰ ਬੈਠੀ ਵਿਦੇਸ਼ੀ ਕਿਸੇ ਵੀ ਭਾਸ਼ਾ ਨੂੰ ਭਾਵੇਂ ਉਹ ਕਿੰਨੀ ਵੀ ਫ਼ਾਇਦੇਮੰਦ ਤੇ ਦਿਲਕਸ਼ ਕਿਉਂ ਨਾ ਹੋਵੇ, ਆਪਣੇ ਬੱਚਿਆਂ ਦੀਆਂ ਮੁੱਢਲੀਆਂ ਜਮਾਤਾਂ ਦੇ ਨੇੜੇ ਨਾ ਆਉਣ ਦੇਵੇ। ਜੇ ਹਰ ਪੰਜਾਬੀ ਆਪਣੀ ਮਾਂ-ਭਾਸ਼ਾ ਨਾਲ ਆਪਣੀ ਅਣਖ ਜੋੜ ਲਏ ਤਾਂ ਯਕੀਨ ਜਾਣੋ, ਪੰਜਾਬੀ ਨੂੰ ਕੋਈ ਨਹੀਂ ਮਾਰ ਸਕੇਗਾ। ਕੀ ਸਾਰੇ ਪੰਜਾਬੀਆਂ ਦਾ ਰੁਖ਼ ਇਸ ਪਾਸੇ ਮੋੜਿਆ ਜਾ ਸਕਦਾ ਹੈ? ਜੇ ਜਵਾਬ ਹੈ ‘ਹਾਂ’ ਤਾਂ ਜਸ਼ਨ ਮਨਾਓ, ਪੰਜਾਬੀ ਜੀਏਗੀ। ਜੇ ਜਵਾਬ ਹੋਵੇ ‘ਮੁਸ਼ਕਲ ਹੈ’ ਤਾਂ ਪੰਜਾਬੀ ਨੂੰ ਵੀ 21ਵੀਂ ਸਦੀ ਦਾ ਸ਼ਿਕਾਰ ਬਣਨ ਤੋਂ ਰੋਕਣਾ ‘ਬੜਾ ਮੁਸ਼ਕਲ’ ਹੋਵੇਗਾ। ਇਹ ਮੇਰੀ ਸੋਗਮਈ ਭਵਿੱਖਬਾਣੀ ਹੈ।’

ਮੈਂ ਇੰਨਾ ਸੁਣ ਕੇ ਵਾਪਸ ਰਸੋਈ ਵੱਲ ਚਲੀ ਗਈ ਤੇ ਆਪਣੀ ਮੰਮੀ ਕੋਲੋਂ ਗਰਮਾ-ਗਰਮ ਪਕੌੜੇ ਲੈ ਕੇ ਫਿਰ ਬੈਠਕ ਵਿਚ ਪਹੁੰਚ ਗਈ। ਉਦੋਂ ਫਿਰ ਭਾਪਾ ਜੀ ਬੋਲ ਰਹੇ ਸਨ, ‘ਪੰਜਾਬੀ ਜ਼ਬਾਨ ਨੂੰ ਸਾਡੀ ਅਤੇ ਸਾਡੇ ਬਜ਼ੁਰਗਾਂ ਦੀ ਬੇਰੁਖ਼ੀ ਤੇ 21ਵੀਂ ਸਦੀ ਦੇ ਹੋਰ ਵੀ ਮਾੜੇ ਹਾਲਾਤ ਕਾਰਨ ਨੁਕਸਾਨ ਸਹਿਣਾ ਪੈ ਸਕਦਾ ਹੈ। ਪਰ ਮੈਂ ਅਜੇ ਉਸ ਦਾ ਬੋ-ਕਾਟਾ ਹੋ ਜਾਣ ਦੇ ਅਹਿਸਾਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਅਸੀਂ ਹੁਣ ਤਕ ਉਸ ਵੱਲੋਂ ਬੇਮੁੱਖ ਰਹੇ ਬੱਚੇ ਪੰਚ-ਤੰਤਰੀ ਕਬੂਤਰਾਂ ਵਾਂਗ ਰਲ ਕੇ ਹੰਭਲਾ ਮਾਰੀਏ ਤਾਂ ਹੋ ਸਕਦਾ ਹੈ ਆਪਣੀ ਇਸ ਬੁੱਢੀ ਮਾਂ ਦੀ ਪਤੰਗ ਦੇ ਬੋ-ਕਾਟੇ ਨੂੰ ਕੁਝ ਚਿਰ ਲਈ ਜ਼ਰੂਰ ਟਾਲ ਸਕਾਂਗੇ ਅਤੇ ਕੋਈ ਵੱਡੀ ਗੱਲ ਨਹੀਂ ਕਿ ਉਸ ਨੂੰ ਮਰਨ ਤੋਂ ਬਚਾਅ ਹੀ ਲਈਏ। ਮੇਰਾ ਮੂੰਹ ਛੋਟਾ ਹੈ ਪਰ ਮੈਂ ਆਪਣੇ ਹਮ-ਭਾਸ਼ੀ ਭੈਣਾਂ-ਭਰਾਵਾਂ ਉੱਤੇ ਭਰੋਸਾ ਕਰ ਕੇ ਬਾਤ ਵੱਡੀ ਕਰ ਬੈਠਾਂ ਹਾਂ। ‘ਰਲ ਕੇ ਹੰਭਲਾ ਮਾਰਨ’ ਵਾਲੀ ਗੱਲ ਕਹਿਣੀ ਸੌਖ਼ੀ ਹੈ ਪਰ ਸਿਰੇ ਚਾੜ੍ਹਨੀ ਬੇਹੱਦ ਔਖੀ ਹੈ। ਅਸੰਭਵ ਮੈਂ ਇਸ ਕਰ ਕੇ ਨਹੀਂ ਕਹਿੰਦਾ, ਕਿਉਂਕਿ ਇਜ਼ਰਾਈਲੀ ਇਕਮੁੱਠਤਾ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਤਕਰੀਬਨ ਮੋਈ ਹੋਈ ਇਬਰਾਨੀ ਜ਼ਬਾਨ ਨੂੰ ਆਪਣੇ ਦੇਸ਼ ਦੀ ਜਿਊਂਦੀ-ਜਾਗਦੀ ਮਹਾਰਾਣੀ ਬਣਾ ਦਿੱਤਾ ਹੈ।’

ਮੈਨੂੰ ਉਦੋਂ ਗੱਲ ਦੀ ਪੂਰੀ ਸਮਝ ਤਾਂ ਨਹੀਂ ਆਈ ਪਰ ਜਦੋਂ ਸਾਰੇ ਚਲੇ ਗਏ ਤਾਂ ਮੈਂ ਭਾਪਾ ਜੀ ਤੋਂ ਗੱਲ ਸਮਝਣ ਦੀ ਕੋਸ਼ਿਸ਼ ਕੀਤੀ। ਉਹ ਕਹਿਣ ਲੱਗੇ, ‘ਆਪਣੇ ਧਾਰਮਿਕ ਵਿਸ਼ਵਾਸਾਂ ਦੀ ਰੱਖਿਆ ਦੀ ਖ਼ਾਤਰ ਆਪਣੀਆਂ ਜਾਨਾਂ ਵਾਰ ਦੇਣ ਦੀ ਕਹਾਣੀ ਸਾਡੇ ਲਈ ਨਵੀਂ ਨਹੀਂ ਪਰ ਸਿਆਸਤ ਤੋਂ ਮੁਕਤ ਹੋ ਕੇ ਆਪਣੀ ਭਾਸ਼ਾ ਦੀ ਸੁਰੱਖਿਆ ਲਈ ਸੰਘਰਸ਼ ਕਰਨ ਦਾ ਵੱਲ ਅਸੀਂ ਅਜੇ ਸਿੱਖਣਾ ਹੈ। ਦੁਨੀਆ ਵਿਚ ਸ਼ਹੀਦੀਆਂ ਦੇ ਇਤਿਹਾਸਾਂ ਨੂੰ ਚਿਤਰਦੇ ਹੋਏ, ਜੇ ਪੰਜਾਬੀ ਦੇ ਹਿਤੈਸ਼ੀ ਨਿੱਤਰ ਪੈਣ ਤੇ ਬਿਸ਼ਨੋਈ ਸ਼ਹੀਦਾਂ ਵਾਂਗ ਹਰ ਪੰਜਾਬੀ ਨੂੰ ਪੰਜਾਬੀ ਨਾਲ ਚਿਪਕ ਜਾਣ ਲਈ ਪ੍ਰੇਰ ਸਕਣ ਤਾਂ ਨਾ ਸਾਡੀਆਂ ਚੜ੍ਹਦੇ ਤੇ ਲਹਿੰਦੇ ਦੀਆਂ ਪੰਜਾਬੀ ਦੀਆਂ ਦੋਖੀ ਸਰਕਾਰਾਂ ਪੰਜਾਬੀ ਦਾ ਕੁਝ ਵਿਗਾੜ ਸਕਣਗੀਆਂ ਤੇ ਨਾ 21ਵੀਂ ਸਦੀ ਦਾ ਵਿਕਰਾਲ ਦੈਂਤ ਹੀ ਜਿਸ ਨੇ ਭਾਸ਼ਾਵਾਂ ਦੇ ਭੋਜਨ ਨਾਲ ਆਪਣੀ ਭੁੱਖ ਤ੍ਰਿਪਤ ਕਰਨੀ ਸ਼ੁਰੂ ਕੀਤੀ ਹੋਈ ਹੈ। ਉਹ ਸਾਡੀ ਬੋਲੀ ਦੇ ਨੇੜੇ ਫਟਕ ਨਹੀਂ ਸਕੇਗਾ।’

ਉਨ੍ਹਾਂ ਕਿਹਾ ਕਿ ਅਸੀਂ ਅੰਗਰੇਜ਼ੀ ਜਾਂ ਕਿਸੇ ਵੀ ਹੋਰ ਭਾਸ਼ਾ ਦੇ ਵਿਰੋਧੀ ਨਹੀਂ ਹਾਂ। ਅਸੀਂ ਚਾਹੁੰਦੇ ਹਾਂ, ਸਾਡੇ ਬੱਚੇ ਅੰਗਰੇਜ਼ੀ ਵਿਚ ਅੰਗਰੇਜ਼ਾਂ ਤੇ ਅਮਰੀਕਨਾਂ ਨੂੰ ਮਾਤ ਪਾਉਣ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਬੱਚੇ ਦੇ ਪਹਿਲੇ ਚਾਰ ਸਕੂਲੀ ਸਾਲਾਂ ਵਿਚ ਪੰਜਾਬੀ ਦੀ ਥਾਂ ਜਾਂ ਪੰਜਾਬੀ ਦੇ ਨਾਲ, ਕੋਈ ਹੋਰ ਭਾਸ਼ਾ ਬੱਚਿਆਂ ਦੇ ਦਿਮਾਗ਼ਾਂ ਦੇ ਕੁਦਰਤੀ ਵਿਕਾਸ ਵਿਚ ਵਿਘਨ ਪਾਵੇ। ਚੌਥੀ ਤੋਂ ਅਗਲੇ ਸਾਲਾਂ ਵਿਚ ਪੰਜਾਬੀ ਦੇ ਨਾਲ ਅੰਗਰੇਜ਼ੀ ਜਿੰਨੀ ਮਰਜ਼ੀ ਪੜ੍ਹਾਈ ਜਾਓ, ਪੰਜਾਬੀ ਆਪਣੀ ਰਾਖੀ ਆਪ ਕਰੀ ਜਾਵੇਗੀ।

ਭਾਪਾ ਜੀ ਨੂੰ ਜਹਾਨ ਛੱਡਿਆਂ 10 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਉਨ੍ਹਾਂ ਦੇ ਹਰ ਜਨਮ ਦਿਨ ਉੱਤੇ ਮੈਂ ਇਹੋ ਗੱਲ ਯਾਦ ਕਰ ਕੇ ਅਰਦਾਸ ਕਰਦੀ ਹਾਂ ਕਿ ਕਦੇ ਤਾਂ ਇਹ ਖ਼ਤਰਾ ਸਭ ਦੇ ਨਜ਼ਰੀਂ ਪਵੇਗਾ ਅਤੇ ਕਦੇ ਤਾਂ ਪੰਜਾਬੀ ਇਕਜੁੱਟ ਹੋ ਕੇ ਦੋਖੀ ਸਰਕਾਰਾਂ ਨੂੰ ਹਲੂਣਾ ਦੇ ਕੇ ਇਹ ਸਮਝਾਉਣਗੇ ਕਿ ਮਾਂ ਬੋਲੀ ਦੀ ਮਹੱਤਤਾ ਕੀ ਹੁੰਦੀ ਹੈ! ਆਖ਼ਰ ਕਦੇ ਤਾਂ ਪੰਜਾਬੀ ਬੱਚੇ ਪਹਿਲੀਆਂ ਚਾਰ ਜਮਾਤਾਂ ਵਿਚ ਅੰਗਰੇਜ਼ੀ ਦੀ ਥਾਂ ਪੰਜਾਬੀ ਪੜ੍ਹਨ ਦੀ ਖੁੱਲ ਮਾਣਨਗੇ। ਸਰਕਾਰਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਪੰਜਾਬੀ ਜ਼ੁਬਾਨ ਫਰਾਂਸੀਸੀ ਪ੍ਰਾਇਮਰੀ ਸਕੂਲ ਜਾਂ ਜਰਮਨ ਪ੍ਰਾਇਮਰੀ ਸਕੂਲ ਨਹੀਂ ਪੜ੍ਹਾਉਣਗੇ। ਇਸ ਜ਼ੁਬਾਨ ਦੀ ਰਾਖੀ ਪੰਜਾਬੀਆਂ ਨੂੰ ਆਪ ਕਰਨੀ ਪੈਣੀ ਹੈ। ਅੱਜ ਦੇ ਦਿਨ ਇਹ ਖ਼ਤਰਾ ਕਈ ਗੁਣਾ ਵਧ ਚੁੱਕਿਆ ਹੈ ਕਿਉਂਕਿ ਆਈਲੈਟਸ ਨੇ ਵੱਡੀ ਗਿਣਤੀ ਨੌਜਵਾਨਾਂ ਨੂੰ ਆਪਣੇ ਮੱਕੜਜਾਲ ਵਿਚ ਫਸਾ ਕੇ ਅੰਗਰੇਜ਼ ਬਣਾ ਕੇ ਵਤਨੋਂ ਪਾਰ ਭੇਜਣ ਦਾ ਪੂਰਾ ਜ਼ੋਰ ਲਾਇਆ ਪਿਆ ਹੈ।

ਨਤੀਜਾ ਇਹ ਹੈ ਕਿ ਪੰਜਾਬੀ ਦੀਆਂ ਕਿਤਾਬਾਂ ਉੱਤੋਂ ਮਿੱਟੀ ਝਾੜਨੀ ਪੈ ਰਹੀ ਹੈ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੀ ਧੜਾਧੜ ਵਿਕਰੀ ਹੁੰਦੀ ਪਈ ਹੈ। ਜੇ ਵੇਲੇ ਸਿਰ ਨਾ ਜਾਗੇ ਤਾਂ ਪੰਜਾਬੀ ਸਾਹਿਤ ਜਗਤ ਦੇ ਸੂਰਜ ਨੂੰ ਗ੍ਰਹਿਣ ਲੱਗਣ ਤੋਂ ਕੋਈ ਨਹੀਂ ਰੋਕ ਸਕਣ ਲੱਗਿਆ।

ਪਹਿਲਾਂ ਤਾਂ ਪੰਜਾਬੀ ਜ਼ੁਬਾਨ ਨੂੰ ਪੰਜਾਬੀਆਂ ਦੀ ਨਾ ਕਹਿ ਕੇ ਇਕ ਖ਼ਾਸ ਵਰਗ ਦੀ ਭਾਸ਼ਾ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਸੀ। ਹੁਣ ਉਸ ਵਰਗ ਨੇ ਵੀ ਆਈਲੈਟਸ ਦੇ ਚੱਕਰ ਵਿਚ ਆਪਣਾ ਪੁਸ਼ਤੈਨੀ ਸਾਕ ਇਸ ਭਾਸ਼ਾ ਨਾਲੋਂ ਤੋੜਨ ਦਾ ਫ਼ੈਸਲਾ ਕਰ ਲਿਆ ਹੈ। ਆਖ਼ਰ ਕੋਈ ਤਾਂ ਦੱਸੇ ਕਿ ਜੇ ਬੱਚੇ ਹੀ ਆਪਣੀ ਮਾਂ ਬੋਲੀ ਤੋਂ ਕਿਨਾਰਾ ਕਰ ਲੈਣਗੇ ਤਾਂ ਪੰਜਾਬੀ ਜ਼ੁਬਾਨ ਨੂੰ ਬਚਾਉਣ ਲਈ ਸੂਰਮਾ ਕਿੱਥੋਂ ਨਿਤਰੇਗਾ? ਭਾਪਾ ਜੀ ਦੀ ਸੁਆਸ ਤਿਆਗਣ ਤੋਂ ਪਹਿਲਾਂ ਇਹੋ ਇੱਛਾ ਸੀ ਕਿ ਕੋਈ ਸਰਕਾਰ ਪੰਜਾਬੀ ਜ਼ੁਬਾਨ ਨੂੰ ਫੈਲਣ ਲਈ ਪੰਜ-ਸੱਤ ਸਾਲ ਦੀ ਵੀ ਪੂਰੀ ਖੁੱਲ੍ਹ ਦੇ ਦੇਵੇ ਤਾਂ ਇਹ ਸਦੀਆਂ ਦਾ ਫ਼ਾਸਲਾ ਛਾਲਾਂ ਮਾਰ ਕੇ ਪੂਰ ਲਵੇਗੀ! ਉਮੀਦ ਕਰਦੀ ਹਾਂ ਕਿ ਸ਼ਾਇਦ ਮੈਂ ਜਿਊਂਦੇ-ਜੀਅ ਅਜਿਹਾ ਹੁੰਦਾ ਵੇਖ ਸਕਾਂ। ਰੱਬ ਰਾਖਾ!

ਡਾ. ਹਰਸ਼ਿੰਦਰ ਕੌਰ ਐੱਮਡੀ

Related posts

ਭਰਤੀ ਪ੍ਰੀਖਿਆਵਾਂ ’ਚ ਹਾਸਲ ਅੰਕ ਨਿਜੀ ਜਾਣਕਾਰੀ ਨਹੀਂ, ਇਨ੍ਹਾਂ ਨੂੰ ਜੱਗਜ਼ਾਹਰ ਕੀਤਾ ਜਾ ਸਕਦੈ: ਹਾਈ ਕੋਰਟ

On Punjab

ਪੰਜਾਬ ਰਾਜ ਭਵਨ ‘ਚ ਕੋਰੋਨਾ ਦੀ ਦਸਤਕ, ਚਾਰ ਪੌਜ਼ੇਟਿਵ

On Punjab

ਰੋਹਤਾਂਗ ਟਨਲ ਫੌਜ ਦੇ ਟੀ-90 ਟੈਂਕ ਤੇ ਹੋਰ ਸਮਗਰੀ ਨੂੰ LAC ਤੱਕ ਪਹੁੰਚਾਉਣ ‘ਚ ਕਰੇਗਾ ਵੱਡੀ ਮਦਦ

On Punjab