ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬ ਨੇ ਪੈਨਲਟੀ ਸ਼ੂਟਆਊਟ ਰਾਂਹੀ ਉੱਤਰ ਪ੍ਰਦੇਸ਼ ਨੂੰ 2-1 ਦੇ ਫ਼ਰਕ ਨਾਲ ਹਰਾ ਕੇ 11ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ (ਮਰਦ) ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਪੰਜਾਬ ਨੇ ਇਹ ਖਿਤਾਬ ਤਿੰਨ ਸਾਲ ਬਾਅਦ ਦੁਬਾਰਾ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਨੇ ਇਹ ਖਿਤਾਬ 2018 ਵਿੱਚ ਜਿੱਤਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਪਰਗਟ ਸਿੰਘ (ਓਲੰਪੀਅਨ) ਅਤੇ ਜਨਰਲ ਸਕੱਤਰ ਨਿਤਿਨ ਕੋਹਲੀ ਨੇ ਦੱਸਿਆ ਕਿ ਪੂਣੇ ਵਿਖੇ ਸਮਾਪਤ ਹੋਈ ਉਕਤ ਚੈਂਪੀਅਨਸ਼ਿਪ ਵਿਚ ਓਲੰਪੀਅਨ ਰੁਪਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਹਾਕੀ ਟੀਮ ਨੇ ਫਾਈਨਲ ਵਿਚ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤਕ ਦੋਵੇਂ ਟੀਮਾਂ ਬਿਨਾਂ ਕਿਸੇ ਗੋਲ ਦੇ ਬਰਾਬਰੀ ’ਤੇ ਸਨ। ਪੰਜਾਬ ਦੇ ਗੋਲਕੀਪਰ ਕਮਲਬੀਰ ਸਿੰਘ ਨੇ ਪੈਨਲਟੀ ਸ਼ੂਟ ਆਊਟ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਪੰਜਾਬ ਨੂੰ ਇਹ ਵੱਕਾਰੀ ਜਿੱਤ ਦੁਆਈ। ਇਸ ਟੀਮ ਦੇ ਕੋਚ ਓਲੰਪੀਅਨ ਬਲਵਿੰਦਰ ਸਿੰਘ ਸ਼ਮੀ, ਨਿਰਮਲ ਸਿੰਘ ਸਹਾਇਕ ਕੋਚ ਅਤੇ ਓਲੰਪੀਅਨ ਸੰਜੀਵ ਕੁਮਾਰ ਮੈਨੇਜਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਜੇਤੂ ਟੀਮ ਦਾ ਪੰਜਾਬ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਪੰਜਾਬ ਟੀਮ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।