ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਵਿੱਤ ਮੰਤਰੀ ਬਣਨ ਬਾਅਦ ਨਿਰਮਲਾ ਸੀਤਾਰਮਨ ਦਾ ਇਹ ਪਹਿਲਾ ਬਜਟ ਹੋਏਗਾ। ਉਹ ਐਨਡੀਏ ਦੀ ਪਿਛਲੀ ਸਰਕਾਰ ਵਿੱਚ ਰੱਖਿਆ ਮੰਤਰੀ ਸਨ।
ਯਾਦ ਰਹੇ ਡਾ. ਮਨਮੋਹਨ ਸਿੰਘ ਨਰਸਿੰਮਾ ਰਾਵ ਸਰਕਾਰ ਵਿੱਚ ਵਿੱਤ ਮੰਤਰੀ ਸਨ। ਉਹ 1991 ਵਿੱਚ ਕੀਤੇ ਗਏ ਆਰਥਿਕ ਸੁਧਾਰਾਂ ਲਈ ਜਾਣੇ ਜਾਂਦੇ ਹਨ। ਵਿੱਤ ਮੰਤਰੀ ਬਣਨ ਦੇ ਬਾਅਦ ਸੀਤਾਰਮਨ ਦੀ ਮਨਮੋਹਨ ਸਿੰਘ ਨਾਲ ਇਹ ਪਹਿਲਾ ਮੁਲਾਕਾਤ ਸੀ। ਇਹ 28 ਸਾਲਾਂ ਵਿੱਚ ਪਹਿਲਾ ਮੌਕਾ ਹੋਏਗਾ ਜਦੋਂ ਮਨਮੋਹਨ ਸਿੰਘ ਬਜਟ ਸੈਸ਼ਨ ਵਿੱਚ ਮੌਜੂਦ ਨਹੀਂ ਹੋਣਗੇ। ਇਸੇ ਮਹੀਨੇ ਉਨ੍ਹਾਂ ਦਾ ਰਾਜ ਸਭਾ ਕਾਰਜਕਾਲ ਖ਼ਤਮ ਹੋ ਗਿਆ ਹੈ।
ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਪੂਰਨਕਾਲਿਕ ਮਹਿਲਾ ਵਿੱਤ ਮੰਤਰੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਵੀ ਵਿੱਤ ਮੰਤਰਾਲਾ ਸੰਭਾਲ ਚੁੱਕੇ ਹਨ, ਪਰ ਉਨ੍ਹਾਂ ਨੂੰ ਇਹ ਮੰਤਰਾਲਾ ਵਾਧੂ ਚਾਰਜ ਵਜੋਂ ਦਿੱਤਾ ਗਿਆ ਸੀ।