ਟਰਾਂਟੋ: ਬਰੈਂਪਟਨ ‘ਚ ਦਰਦਨਾਕ ਵਾਰਦਾਤ ਵਾਪਰੀ ਹੈ। ਇੱਥੇ ਘਰੇਲੂ ਹਿੰਸਾ ਦੇ ਮਾਮਲੇ ‘ਚ ਦੋ ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਰਾਤ ਕਰੀਬ 11.30 ਵਜੇ ਵਾਪਰੀ। ਇਸ ਤੋਂ ਬਾਅਦ ਪੁਲਿਸ ਨੂੰ ਕੁਆਰੀ ਐਜ ਡਰਾਈਵ ਦੇ ਇਲਾਕੇ ਵਿੱਚ ਸੱਦਿਆ ਗਿਆ। ਪੁਲਿਸ ਨੂੰ ਘਰੇਲੂ ਝਗੜੇ ਬਾਰੇ ਸੂਚਨਾ ਮਿਲੀ ਸੀ।
ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਜੋ ਪੁਲਿਸ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਹੈ, ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। SIU ਦਾ ਕਹਿਣਾ ਸੀ ਕਿ ਪੁਲਿਸ ਅਫਸਰ ਇਸ ਘਰ ਤਕ ਪਹੁੰਚੇ, ਘਰ ਦੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇਖਿਆ ਕਿ ਪਹਿਲੀ ਮੰਜ਼ਲ ਦੇ ਬਾਥਰੂਮ ‘ਚ ਇੱਕ 47 ਸਾਲਾ ਸ਼ਖਸ ਚਾਕੂ ਦੇ ਵਾਰਾਂ ਕਰਕੇ ਜ਼ਖ਼ਮੀ ਹਾਲਤ ‘ਚ ਪਿਆ ਸੀ। ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੀ ਕੁਝ ਮਦਦ ਕੀਤੀ ਗਈ, ਪਰ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।
SIU ਨੇ ਦੱਸਿਆ ਕਿ 41 ਸਾਲਾ ਮਹਿਲਾ ਵੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੇ ਵੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇੱਕ 12 ਸਾਲਾ ਬੱਚੇ ਨੂੰ ਵੀ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਘਰ ‘ਚ ਤਿੰਨ ਸਾਲਾ ਬੱਚੀ ਵੀ ਮੌਜੂਦ ਸੀ, ਜੋ ਗੁਆਂਢੀਆਂ ਦੇ ਘਰ ਸੀ। ਇਸ ਕਾਰਨ ਉਸ ਦੀ ਜਾਨ ਬਚ ਗਈ। ਮਾਮਲੇ ‘ਚ ਵਧੇਰੇ ਜਾਂਚ ਕੀਤੀ ਜਾ ਰਹੀ ਹੈ।