India vs Australia 1st odi: ਮੁੰਬਈ: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੰਗਲਵਾਰ ਯਾਨੀ ਕਿ ਅੱਜ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ । 13 ਸਾਲਾਂ ਬਾਅਦ ਇਹ ਦੋਵੇ ਟੀਮਾਂ ਇਸ ਮੈਦਾਨ ‘ਤੇ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ । ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ ਤਿੰਨ ਮੈਚ ਖੇਡੇ ਜਾ ਚੁੱਕੇ ਹਨ । ਜਿਸ ਵਿਚੋਂ ਭਾਰਤ ਨੇ ਸਿਰਫ਼ ਇੱਕ ਹੀ ਮੁਕਾਬਲਾ ਆਪਣੇ ਨਾਮ ਕੀਤਾ ਹੈ । ਦਰਅਸਲ, ਆਸਟ੍ਰੇਲੀਆ ਦੀ ਟੀਮ ਨਿਊਜ਼ੀਲੈਂਡ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਵਿੱਚ ਕਮਾਲ ਦੇ ਪ੍ਰਦਰਸ਼ਨ ਤੇ 3-0 ਦੀ ਕਲੀਨ ਸਵੀਪ ਤੋਂ ਬਾਅਦ ਭਾਰਤ ਦੌਰੇ ‘ਤੇ ਪਹੁੰਚੀ ਹੈ, ਜਿਸ ਵਿੱਚ ਉਸ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ, ਡੇਵਿਡ ਵਾਰਨਰ ਵਰਗੇ ਧਾਕੜ ਬੱਲੇਬਾਜ਼ਾਂ ਤੋਂ ਬਾਅਦ ਉਸ ਦੀ ਨਵੀਂ ਸਨਸਨੀ ਮਾਰਨਸ ਲਾਬੂਚਾਨੇ ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹਨ ।
ਜੇਕਰ ਇਥੇ ਆਸਟ੍ਰੇਲੀਆ ਦੇ ਲਾਬੂਚਾਨੇ ਦੀ ਗੱਲ ਕੀਤੀ ਜਾਵੇ ਤਾਂ ਲਾਬੂਚਾਨੇ ਨੇ ਟੈਸਟ ਦੇ ਇਕ ਘਰੇਲੂ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਦੇ ਆਸਟ੍ਰੇਲੀਆਈ ਰਿਕਾਰਡ ਵਿੱਚ ਸਭ ਤੋਂ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ । ਇਨ੍ਹਾਂ ਪਿੱਚਾਂ ‘ਤੇ ਬੱਲੇਬਾਜ਼ ਲਾਬੂਚਾਨੇ ਲਈ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਇੱਕ ਵੱਡੀ ਚੁਣੌਤੀ ਤਾਂ ਹੋਵੇਗੀ ਹੀ, ਜੇਕਰ ਉਹ ਇੱਥੇ ਸਫਲ ਹੁੰਦਾ ਹੈ ਤਾਂ ਆਸਟ੍ਰੇਲੀਆਈ ਟੀਮ ਵਿੱਚ ਉਸ ਦੀ ਬਾਦਸ਼ਾਹਤ ਵੀ ਕਾਇਮ ਹੋ ਜਾਵੇਗੀ । ਇਸ ਤੋਂ ਇਲਾਵਾ ਵਾਰਨਰ ਤੇ ਸਮਿਥ ਦੋਵਾਂ ਨੂੰ ਹੀ ਭਾਰਤੀ ਪਿੱਚਾਂ ‘ਤੇ ਖੇਡਣ ਦਾ ਕਾਫੀ ਤਜਰਬਾ ਹੈ, ਜਿਹੜਾ ਆਗਾਮੀ ਸੀਰੀਜ਼ ਵਿੱਚ ਅਹਿਮ ਹੋਵੇਗਾ ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਦਾਨ ‘ਤੇ ਮੌਜੂਦਾ ਭਾਰਤੀ ਟੀਮ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ । ਉਸਨੇ ਚਾਰ ਮੈਚਾਂ ਵਿੱਚ 83.00 ਦੀ ਔਸਤ ਨਾਲ 249 ਦੌੜਾਂ ਬਣਾਈਆਂ ਹਨ । ਇਸ ਦੌਰਾਨ ਉਸਨੇ ਸੈਂਕੜਾ ਅਤੇ ਅਰਧ ਸੈਂਕੜਾ ਵੀ ਲਗਾਇਆ ਹੈ । ਇਸ ਮਾਮਲੇ ਵਿੱਚ ਸ਼ਿਖਰ ਧਵਨ ਦੂਜੇ ਸਥਾਨ ‘ਤੇ ਹਨ ।
ਭਾਰਤ ਇਸ ਮੈਚ ਵਿੱਚ ਆਪਣੇ ਤਿੰਨ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਨੂੰ ਸ਼ਾਮਿਲ ਕਰ ਸਕਦਾ ਹੈ । ਇਸ ਮੈਚ ਵਿੱਚ ਵੇਖਣਾ ਇਹ ਹੋਵੇਗਾ ਕਿ ਕੋਹਲੀ ਕਿਸ ਕ੍ਰਮ ਤੋਂ ਬੱਲੇਬਾਜ਼ੀ ਕਰਦਾ ਹੈ । ਜੇ ਉਹ ਤੀਜੇ ਨੰਬਰ ‘ਤੇ ਖੇਡਣ ਲਈ ਉਤਰ ਜਾਂਦਾ ਹੈ ਤਾਂ ਰਾਹੁਲ ਚੌਥੇ ਨੰਬਰ’ ਤੇ ਖੇਡਣਗੇ. ਹਾਲਾਂਕਿ ਕੋਹਲੀ ਨੇ ਆਪਣੇ ਆਪ ਨੂੰ ਹੇਠਾਂ ਰੱਖਣ ਦਾ ਇਸ਼ਾਰਾ ਕੀਤਾ ਹੈ ।
ਭਾਰਤੀ ਕਪਤਾਨ ਵਿਰਾਟ ਤੇ ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਮਿਥ ਵਿਚਾਲੇ ਹਮੇਸ਼ਾ ਤੋਂ ਮੈਦਾਨ ਤੇ ਮੁਕਾਬਲੇਬਾਜ਼ੀ ਦੇਖੀ ਗਈ ਹੈ, ਜਿਹੜੀ ਇਸ ਸੀਰੀਜ਼ ਵਿਚ ਵੀ ਦਰਸ਼ਕਾਂ ਲਈ ਬਹੁਤ ਰੋਮਾਂਚਕਾਰੀ ਮੰਨੀ ਜਾ ਰਹੀ ਹੈ, ਉਥੇ ਹੀ ਵਾਰਨਰ ਵੀ ਓਪਨਿੰਗ ਕ੍ਰਮ ਵਿਚ ਕਮਾਲ ਦੀ ਫਾਰਮ ਵਿਚ ਖੇਡ ਰਿਹਾ ਹੈ, ਜਦਕਿ ਸ਼੍ਰੀਲੰਕਾ ਨਾਲ ਟੀ-20 ਸੀਰੀਜ਼ ਵਿਚ ਆਰਾਮ ਤੋਂ ਬਾਅਦ ਰੋਹਿਤ ਦੀ ਵਾਪਸੀ ਨਾਲ ਟੀਮ ਇੰਡੀਆ ਨੂੰ ਮਜ਼ਬੂਤੀ ਮਿਲੀ ਹੈ। ਮੱਧਕ੍ਰਮ ਵਿਚ ਵਿਕਟਕੀਪਰ ਰਿਸ਼ਭ ਪੰਤ ਲਈ ਵੀ ਇਹ ਖੁਦ ਨੂੰ ਸਾਬਤ ਕਰਨ ਦੇ ਲਿਹਾਜ਼ ਨਾਲ ਅਹਿਮ ਸੀਰੀਜ਼ ਹੋਵੇਗੀ।
ਮੁੰਬਈ ਵਿੱਚ ਮੈਚ ਦੌਰਾਨ ਮੌਸਮ ਸਾਫ ਰਹੇਗਾ. ਮੰਗਲਵਾਰ ਨੂੰ ਤਾਪਮਾਨ 18 ਤੋਂ 28 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ । ਇਹ ਪਿੱਚ ਤੇਜ਼ ਗੇਂਦਬਾਜ਼ ਲਈ ਮਦਦਗਾਰ ਸਾਬਿਤ ਹੋਵੇਗੀ । ਇਸ ਮੁਕਾਬਲੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੇਗੀ । ਇਸ ਮੈਦਾਨ ‘ਤੇ ਹੁਣ ਤੱਕ 24 ਮੈਚ ਹੋ ਚੁੱਕੇ ਹਨ ।
ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕੇਦਾਰ ਜਾਧਵ, ਰਿਸ਼ਭ ਪੰਤ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਤੇ ਮੁਹੰਮਦ ਸ਼ੰਮੀ ਸ਼ਾਮਿਲ ਹਨ । ਉਥੇ ਹੀ ਦੂਜੇ ਪਾਸੇ ਆਸਟਰੇਲੀਆ ਦੀ ਟੀਮ ਵਿੱਚ ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਪੈਟ੍ਰਿਕ ਕਮਿੰਸ, ਐਸ਼ਟਨ ਐਗਰ, ਪੀਟਰ ਹੈਂਡਸਕੌਂਬ, ਜੋਸ਼ ਹੇਜ਼ਲਵੁਡ, ਮਾਰਨਸ ਲਾਬੂਚਾਨੇ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜ਼ਾਂਪਾ ਸ਼ਾਮਿਲ ਹਨ ।