ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਈਆਂ ਜਾਣ ਵਾਲੀਆਂ ਖੇਡਾਂ ’ਚ ਪਾਕਿਸਤਾਨ ਸਮੇਤ ਕੁਝ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ ਵੀਜ਼ੇ ਦੇਣ ਦੀ ਕੀਤੀ ਬੇਨਤੀ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਗੁਰਪੁਰਬ ਸਮਾਗਮ ਕਰੀਬ ਅੱਧਾ ਮਹੀਨਾ ਚੱਲਣਗੇ ਤੇ ਖੇਡ ਸਮਾਗਮਾਂ ਦੇ ਨਾਲ-ਨਾਲ ਧਾਰਮਿਕ ਸਮਾਗਮ, ਸੈਮੀਨਾਰ ਆਦਿ ਹੋਣਗੇ। ਪੰਜਾਬ ਸਰਕਾਰ ਵੱਲੋਂ ਕਬੱਡੀ, ਵਾਲੀਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ 550 ਸਾਈਕਲ ਸਵਾਰ ਖਿਡਾਰੀਆਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲੇਗਾ ਜਿਹੜਾ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਵੇਗਾ।
ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟਰੇਲੀਆ, ਜਰਮਨੀ ਤੇ ਕੁਝ ਹੋਰ ਦੇਸ਼ਾਂ ਦੇ ਕਬੱਡੀ ਤੇ ਵਾਲੀਬਾਲ ਖਿਡਾਰੀਆਂ ਨੂੰ ਸੱਦਿਆ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਜਲਦੀ ਹੀ ਸੂਚੀਆਂ ਤਿਆਰ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਕਬੱਡੀ ਟੂਰਨਾਮੈਂਟ ਲਈ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਹਿੱਸਾ ਲੈਣ ਆਉਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਪਹਿਲਾਂ ਤੋਂ ਤੈਅ ਨਿਯਮਾਂ ਅੁਨਸਾਰ ਵੀਜ਼ੇ ਲੈਣ ਲਈ ਅਰਜ਼ੀਆਂ ਦੇਣੀਆਂ ਪੈਣਗੀਆਂ। ਖਿਡਾਰੀਆਂ ਨੂੰ ਆਨਲਾਈਨ ਅਰਜ਼ੀਆਂ ਦੇਣੀਆਂ ਪੈਣਗੀਆਂ ਪਰ ਹਾਲਾਤ ਸਾਜ਼ਗਾਰ ਹੋਣੇ ਅਹਿਮ ਭੂਮਿਕਾ ਨਿਭਾਉਣਗੇ।