ਅੰਮ੍ਰਿਤਸਰ: ਪਾਕਿਸਤਾਨ ਨੇ ਵਾਹਗਾ ਸਰਹੱਦ ਤੋਂ ਭਾਰਤੀ ਮਾਲ ਨਾਲ ਭਰੇ ਤਿੰਨ ਟਰੱਕ ਵਾਪਸ ਮੋੜ ਦਿੱਤੇ ਹਨ। ਜੰਮੂ ਕਸ਼ਮੀਰ ਤੋਂ ਧਾਰਾ 370 ਤੇ 35ਏ ਖ਼ਤਮ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਵਪਾਰ ਠੱਪ ਹੋ ਗਿਆ ਹੈ। ਸ਼ਨੀਵਾਰ ਨੂੰ ਪਾਕਿਸਤਾਨ ਕਸਟਮਜ਼ ਨੇ ਆਈਸੀਪੀ ਅਟਾਰੀ ਦੇ ਰਾਹ ਭੇਜੇ ਗਏ ਤਿੰਨ ਟਰੱਕਾਂ ਨੂੰ ਵਾਹਗਾ ਸਰਹੱਦ ‘ਤੇ ਦਾਖ਼ਲ ਹੋਣ ਦੇ ਤੁਰੰਤ ਬਾਅਦ ਬਿਨਾ ਅਨਲੋਡ ਕੀਤਿਆਂ ਵਾਪਸ ਮੋੜ ਦਿੱਤਾ। ਇਨ੍ਹਾਂ ਵਿਚੋਂ ਦੋ ਟਰੱਕ ਧਾਗੇ ਦੇ ਸਨ, ਜਦਕਿ ਇੱਕ ਟਰੱਕ ਹੋਰ ਸਾਮਾਨ ਨਾਲ ਲੱਦਿਆ ਸੀ। ਹਾਲਾਂਕਿ, ਅਫ਼ਗ਼ਾਨਿਸਤਾਨ ਤੋਂ ਡ੍ਰਾਈ ਫਰੂਟ ਦੇ ਪੰਜ ਟਰੱਕ ਬੀਤੀ ਸ਼ਾਮ ਆਈਸੀਪੀ ਰਾਹੀਂ ਪਾਕਿਸਤਾਨ ਪਹੁੰਚੇ ਹਨ।
ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਚੱਕਾਂ ਦਾ ਬਾਗ ਤੇ ਉਰੀ ਚਖੋਟੀ ਤੋਂ ਹੁੰਦੇ ਵਪਾਰ ‘ਤੇ ਰੋਕ ਲਾਈ ਸੀ ਤੇ ਇਸ ਦੇ ਨਾਲ ਹੀ ਪਾਕਿਸਤਾਨ ਤੋਂ ਆਉਣ ਵਾਲੇ ਮਾਲ ‘ਤੇ ਕਸਟਮ ਡਿਊਟੀ ਪੰਜ ਫੀਸਦੀ ਤੋਂ ਵਧਾ ਕੇ 200 ਫੀਸਦੀ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਨੂੰ 1998 ਤੋਂ ਦਿੱਤਾ ਗਿਆ ਮੋਸਟ ਫੇਵਰਡ ਨੇਸ਼ਨ (ਐਮਐਫਐਨ) ਦਾ ਦਰਜਾ ਵੀ ਵਾਪਸ ਲੈ ਲਿਆ ਸੀ।
ਹੁਣ ਪਾਕਿਸਤਾਨ ਸਰਕਾਰ ਦੇ ਇੱਕਪਾਸੜ ਫੈਸਲਿਆਂ ਨਾਲ ਇੱਕ ਪਾਸੇ ਦੋਵਾਂ ਦੇਸ਼ਾਂ ਦੇ ਵਪਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਦੂਜੇ ਪਾਸੇ ਇਸ ਕਾਰਵਾਈ ਤੋਂ ਬਾਅਦ ਆਈਸੀਪੀ ਅਟਾਰੀ ਤੇ ਵਾਹਗਾ ਵਿੱਚ ਹਜ਼ਾਰਾਂ ਕੂਲੀ, ਕਸਟਮ ਕਲੀਅਰੈਂਸ ਏਜੰਟ, ਟਰੱਕ ਡਰਾਈਵਰਾਂ ਤੇ ਟਰੱਕ ਕਲੀਨਰਾਂ ਦੇ ਪਰਿਵਾਰ ਰੁਜ਼ਗਾਰ ਤੋਂ ਵਾਂਝੇ ਹੋ ਗਏ ਹਨ ਤੇ ਰੋਜ਼ੀ ਰੋਟੀ ਲਈ ਹੋਰ ਧੰਦਿਆਂ ਵੱਲ ਮੁੜ ਰਹੇ ਹਨ।