ਨਵੀਂ ਦਿੱਲੀ: ਉੱਤਰਾਖੰਡ ਦੇ ਸਕੂਲ ਦੀ ਵਿਦਿਆਰਥਣ ‘ਟੈਕਸੀ ਡ੍ਰਾਈਵਰ 2’ ਨਾਂ ਦੀ ਮੋਬਾਈਲ ਗੇਮ ਦੇ ਚੱਕਰ ਵਿੱਚ ਘਰੋਂ ਭੱਜ ਗਈ ਤੇ 20 ਦਿਨਾਂ ਅੰਦਰ 7 ਸ਼ਹਿਰ ਘੁੰਮ ਆਈ। ਲੜਕੀ ਉੱਤਰਾਖੰਡ ਦੇ ਪੰਤ ਨਗਰ ਦੀ ਰਹਿਣ ਵਾਲੀ ਹੈ। ਉਸ ਦੀ ਇਹ ਯਾਤਰਾ ਉਦੋਂ ਖ਼ਤਮ ਹੋਈ ਜਦੋਂ ਪੁਲਿਸ ਨੇ ਦਿੱਲੀ ਵਿੱਚ ਬੁੱਧਵਾਰ ਦੇਰ ਰਾਤ ਵਿਦਿਆਰਥਣ ਨੂੰ ਰੋਕਿਆ ਤੇ ਉਸ ਕੋਲੋਂ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਉਹ ਘਰੋਂ ਬਿਨਾ ਦੱਸੇ ਨਿਕਲੀ ਹੈ। ਇਸ ਮਗਰੋਂ ਦਿੱਲੀ ਪੁਲਿਸ ਨੇ ਪੰਤ ਨਗਰ ਪੁਲਿਸ ਨਾਲ ਸੰਪਰਕ ਕੀਤਾ ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।
ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਏਮਜ਼ ਵਿੱਚ ਆਪਣੇ ਭਰਾ ਨੂੰ ਮਿਲਣ ਆਈ ਸੀ ਪਰ ਬਾਅਦ ਵਿੱਚ ਉਸ ਨੇ ਸਭ ਸੱਚ ਦੱਸ ਦਿੱਤਾ। ਪੁਲਿਸ ਨੂੰ ਉਸ ਕੋਲੋਂ ਇੱਕ ਕਾਗਜ਼ ਮਿਲਿਆ, ਜਿਸ ਵਿੱਚ ਕਈ ਫੋਨ ਨੰਬਰ ਲਿਖੇ ਹੋਏ ਸੀ। ਪੁਲਿਸ ਨੇ ਉਨ੍ਹਾਂ ਨੰਬਰਾਂ ਤੋਂ ਪਤਾ ਲਾਇਆ ਕਿ ਲੜਕੀ ਪਿਛਲੇ ਕਈ ਦਿਨਾਂ ਤੋਂ ਘਰੋਂ ਗਾਇਬ ਹੈ। ਪੁਲਿਸ ਨੇ ਲੜਕੀ ਦੇ ਪਰਿਵਾਰ ਨਾਲ ਸਪੰਰਕ ਕੀਤਾ ਤੇ ਉਸ ਦੇ ਮਾਤਾ-ਪਿਤਾ ਉਸ ਨੂੰ ਲੈਣ ਲਈ ਦਿੱਲੀ ਆਏ।
ਪੁਲਿਸ ਮੁਤਾਬਕ ਲੜਕੀ ਨੂੰ ਦੱਖਣ ਕੋਰੀਆਈ 3D ਮੋਬਾਈਲ ਡ੍ਰਾਈਵਿੰਗ ਗੇਮ ‘ਟੈਕਸੀ ਡ੍ਰਾਈਵਰ 2’ ਦੀ ਆਦਤ ਪੈ ਗਈ ਸੀ। ਉਹ ਆਪਣੀ ਮਾਂ ਦੇ ਫੋਨ ਵਿੱਚ ਇਹ ਗੇਮ ਖੇਡਦੀ ਸੀ। ਗੇਮ ਵਿੱਚ ਖਿਡਾਰੀ ਇੱਕ ਟੈਕਸੀ ਦੇ ਪਹੀਆਂ ਪਿੱਛੇ ਨਿਕਲਦੇ ਹਨ ਤੇ ਆਪਣੇ ਗਾਹਕਾਂ ਨਾਲ ਵੱਡੇ ਮਹਾਨਗਰ ਦੀ ਦੌੜ ਲਾਉਂਦੇ ਹਨ। ਲੜਕੀ ਵੀ ਇਸੇ ਗੇਮ ਵਾਂਗ ਕਰਨ ਲੱਗ ਗਈ ਸੀ।