63.68 F
New York, US
September 8, 2024
PreetNama
ਰਾਜਨੀਤੀ/Politics

ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਹੋਈ ਸ਼ੁਰੂਆਤ, ਕਿਸਾਨਾਂ ਦੇ ਖਾਤੇ ‘ਚ ਪਾਏ ਗਏ 1500 ਕਰੋੜ ਰੁਪਏ

Rajiv Gandhi Kisan Nyay Yojana: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਹਾਦਤ ਦਿਵਸ ‘ਤੇ ਛੱਤੀਸਗੜ੍ਹ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਸੌਗਾਤ ਦਿੱਤੀ ਹੈ । ਕਿਸਾਨਾਂ ਲਈ ਛੱਤੀਸਗੜ੍ਹ ਵਿੱਚ ਸਰਕਾਰ ਨੇ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ । ਇਸ ਮੌਕੇ ਦਿੱਲੀ ਤੋਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ । ਸਾਰੇ ਲੋਕਾਂ ਨੇ ਆਨਲਾਈਨ ਹੀ ਇਸ ਯੋਜਨਾ ਦੀ ਸ਼ੁਰੂਆਤ ਕੀਤੀ । ਇਸ ਯੋਜਨਾ ਦੇ ਅਧੀਨ ਕਿਸਾਨਾਂ ਨੂੰ 5700 ਕਰੋੜ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ । ਇਸ ਰਾਸ਼ੀ ਦੀ ਪਹਿਲੀ ਕਿਸ਼ਤ ਯੋਜਨਾ ਦੀ ਸ਼ੁਰੂਆਤ ਦੇ ਨਾਲ ਹੀ ਖਾਤੇ ਵਿੱਚ ਆਨਲਾਈਨ ਟ੍ਰਾਂਸਫਰ ਕਰ ਦਿੱਤੀ ਗਈ ਹੈ । ਪਹਿਲੀ ਕਿਸ਼ਤ ਵਿੱਚ ਕਿਸਾਨਾਂ ਦੇ ਖਾਤੇ ਵਿੱਚ 1500 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ । ਪੂਰੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ 4 ਕਿਸ਼ਤਾਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ।

ਇਸ ਯੋਜਨਾ ਦੇ ਅਧੀਨ ਛੱਤੀਸਗੜ੍ਹ ਦੇ 19 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ । ਲਾਭਪਾਤਰੀਆਂ ਵਿੱਚ 9 ਲੱਖ 53 ਹਜ਼ਾਰ 706 ਸੀਮਾਂਤ ਕਿਸਾਨ, 5 ਲੱਖ 60 ਹਜ਼ਾਰ 285 ਛੋਟੇ ਕਿਸਾਨ ਅਤੇ 3 ਲੱਖ 20 ਹਜ਼ਾਰ 844 ਵੱਡੇ ਕਿਸਾਨ ਸ਼ਾਮਿਲ ਹਨ। ਪਹਿਲੀ ਕਿਸ਼ਤ ਸਾਰੇ ਲੋਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ ਹੈ । ਇਸਦੇ ਨਾਲ 18.43 ਕਰੋੜ ਰੁਪਏ ਦੀ ਰਾਸ਼ੀ ਗੰਨੇ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਮਿਲੀ ਹੈ । ਇਸ ਮੌਕੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ।

ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਕਰਜ਼ ਦੀ ਜ਼ਰੂਰਤ ਨਹੀਂ ਸਗੋਂ ਸਿੱਧੇ ਪੈਸੇ ਦੀ ਲੋੜ ਹੈ । ਕਾਂਗਰਸ ਦੀ ਸਰਕਾਰ ਕਿਸਾਨਾਂ ਨੂੰ ਸਿੱਧੇ ਮਦਦ ਪਹੁੰਚਾ ਰਹੀ ਹੈ । ਇਸ ਯੋਜਨਾ ਲਈ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਸਰਕਾਰ ਦੀ ਤਾਰੀਫ ਕੀਤੀ ਹੈ । ਰਾਹੁਲ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਵੀ ਅਸੀਂ ਕਿਸਾਨਾਂ ਦੀ ਮਦਦ ਤੋਂ ਪਿੱਛੇ ਨਹੀਂ ਹਟਾਂਗੇ । ਇਸ ਤੋਂ ਇਲਾਵਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਰਾਜੀਵ ਜੀ ਦੀ ਭਾਵਨਾ ਨਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਖੇਤੀਬਾੜੀ ਇਸ ਦੇਸ਼ ਦੀ ਅਸਲ ਪੂੰਜੀ ਹੈ। ਛੱਤੀਸਗੜ੍ਹ ਦੀ ਸਰਕਾਰ ਨੇ ਕਿਸਾਨਾਂ ਲਈ ਵਧੀਆ ਕੰਮ ਕੀਤਾ ਹੈ । ਇਸਦੇ ਲਈ ਮੈਂ ਛੱਤੀਸਗੜ੍ਹ ਦੀ ਸਰਕਾਰ ਨੂੰ ਵਧਾਈ ਦਿੰਦੀ ਹਾਂ।

ਦੱਸ ਦੇਈਏ ਕਿ ਕਿਸਾਨ ਯੋਜਨਾ ਤਹਿਤ ਝੋਨੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ ਵਾਧੂ 10 ਹਜ਼ਾਰ ਰੁਪਏ ਦਿੱਤੇ ਜਾਣਗੇ । ਇਸ ਦੇ ਨਾਲ ਹੀ 250 ਕਰੋੜ ਰੁਪਏ ਦਾ ਗੰਨਾ 350 ਰੁਪਏ ਦੇ ਸਮਰਥਨ ਮੁੱਲ ਅਨੁਸਾਰ ਖਰੀਦਿਆ ਜਾਵੇਗਾ । ਝੋਨੇ, ਮੱਕੀ ਅਤੇ ਗੰਨਾ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

Related posts

ਆਕਲੈਂਡ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਭਾਰਤੀ ਕੌਂਸਲਖ਼ਾਨਾ: ਮੁਰਮੂ

On Punjab

ਵੱਡੀ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦਾ ਐਲਾਨ

On Punjab

ਦਿੱਲੀ ਦੇ ਏਮਜ਼ ਹਸਪਤਾਲ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਹੋਈ ਸਫਲ ਬਾਈਪਾਸ ਸਰਜਰੀ

On Punjab