(ਰੁੱਖ ਦੀ ਚੀਕ)
ਇੱਥੇ ਕਿਸੇ ਵੀ ਰੁੱਖ ਨੇ
ਖ਼ੁਦਕੁਸ਼ੀ ਨਹੀਂ ਕੀਤੀ
ਸਾਰਿਆਂ ਦੇ ਸਿਰ ਕਲਮ ਕੀਤੇ ਗਏ ਨੇ
ਕਿਸੇ ਨੇ ਆਪਣੇ ਘਰ ਦਾ
ਹੰਢਣਸਾਰ ਫ਼ਰਨੀਚਰ ਬਣਵਾਉਣਾ ਸੀ
ਤੇ ਕਿਸੇ ਨੇ ਆਪਣੀ ਪਦਵੀ ਅਨੁਸਾਰ ਕੁਰਸੀ,
ਇਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ
ਹਰ ਕਿਸੇ ਨੂੰ ਆਪਣੀ-ਆਪਣੀ
ਵਸਤੂ ਦਿਸ ਰਹੀ ਸੀ
ਕਿਸੇ ਨੂੰ ਮੰਜਾ ਕਿਸੇ ਨੂੰ ਪੀੜਾ
ਕਿਸੇ ਨੂੰ ਚਰਖ਼ਾ ਤੇ ਕਿਸੇ ਨੂੰ ਬੰਸਰੀ
ਹਰ ਕੋਈ ਆਪਣੀ ਵਸਤੂ ਦਾ
ਅਕਾਰ ਤੇ ਡਿਜ਼ਾਇਨ ਵੇਖ
ਖ਼ੁਸ਼ ਹੋ ਰਿਹਾ ਸੀ
ਇੱਕ ਰੁੱਖ ਹੀ ਸੀ
ਜੋ ਆਪਣੀ ਚੀਕ ਦੱਬੀ ਬੈਠਾ ਸੀ
ਹੁਣ ਇਕ ਦਿਨ ਮਹਿਮਾਨ ਆਏ
ਤੇ ਸੋਫ਼ਿਆਂ ਤੇ ਮੰਜਿਆਂ ਤੇ ਬਹਿ ਕੇ ਚਲੇ ਗਏ
ਚਰਖ਼ੇ ਵਾਲੀ ਨੇ ਪੂਣੀਆਂ ਕੱਤੀਆਂ
ਤੇ ਚਰਖ਼ਾ ਇਕ ਪਾਸੇ ਲਾ ਛੱਡਿਆ
ਕਿਸੇ ਨੇ ਵੀ ਉਸ ਰੁੱਖ ਦਾ
ਦਰਦ ਨਾ ਛੋਇਆ।
ਇਕ ਦਿਨ ਕਿਸੇ ਘਰ
ਬੜਾ ਵੱਡਾ ਸਮਾਗਮ ਸੀ
ਤੇ ਉੱਥੇ ਇਕ
ਬੰਸਰੀ ਵਾਲਾ ਵੀ ਬੁਲਾਇਆ ਗਿਆ
ਕੰਨਾਂ ਵਿਚ ਘੁਸਰ ਮੁਸਰ ਹੋ ਰਹੀ ਸੀ
ਏ ਕੀ ਕਰੇਗਾ
ਦੋ ਕੁ ਚੀਕਾਂ ਮਾਰ ਕੇ ਚਲਿਆ ਜਾਵੇਗਾ
ਪਰ ਜਦੋਂ ਉਸ ਦੀਆਂ ਚੀਕਾਂ ਖਤਮ ਹੋਈਆਂ
ਤਾਂ ਸਾਰਿਆਂ ਦੀਆਂ ਅੱਖਾਂ
ਹੰਝੂਆਂ ਨਾਲ ਨਮ ਹੋ ਚੁੱਕੀਆਂ ਸਨ
ਦਰਅਸਲ ਏ ਚੀਕ ਉਸ ਰੁੱਖ ਦੀ ਚੀਕ
ਜੋ ਦਰਦ ਬਣ ਕੇ
ਉਸ ਬੰਸਰੀ ਵਿੱਚੋਂ ਨਿਕਲ ਰਹੀ ਸੀ।
ਗੁਰਜੰਟ ਤਕੀਪੁਰ
previous post
next post