ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਹੋ ਰਹੇ ਨਿਰਮਾਣ ਕਾਰਜਾਂ, ਕਰਤਾਰਪੁਰ ਲਾਂਘੇ ਲਈ ਬਣਾਏ ਜਾਣ ਵਾਲੇ ਪੁਲ, ਇਮੀਗ੍ਰੇਸ਼ਨ ਟਰਮੀਨਲ ਤੇ ਜ਼ੀਰੋ ਲਾਈਨ ਬਾਰਡਰ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨਾਲ ਡੀਜੀ ਵਾਲਡ ਸਿਟੀ ਅਥਾਰਟੀ ਕਾਮਰਾਨ ਲਸ਼ਾਰੀ ਤੇ ਪਰਵੇਜ਼ ਕੁਰੈਸ਼ੀ ਵੀ ਹਾਜ਼ਰ ਸਨ।
ਉਸ ਮੌਕੇ ਉਨ੍ਹਾਂ ਨੂੰ ਦੱਸਿਆ ਕਿ ਕਰਤਾਰਪੁਰ ਲਾਂਘੇ ਦਾ ਪ੍ਰੋਜੈਕਟ 30 ਸਤੰਬਰ ਤੱਕ ਪੂਰਾ ਹੋ ਜਾਵੇਗਾ।
ਇਸ ਲਈ ਅਥਾਰਟੀਆਂ ਵੱਲੋਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।
ਇਹ ਸਾਰਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਦੇ ਕਹਿਣ ‘ਤੇ ਗੁਰਦੁਆਰਾ ਸਾਹਿਬ ਦੀ ਖੇਤੀਯੋਗ ਜ਼ਮੀਨ ਵਧਾ ਦਿੱਤੀ ਗਈ ਹੈ। ਇਹ ਹੁਣ 104 ਏਕੜ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਸਰਕਾਰ ਨੇ ਲਾਂਘਾ ਖੋਲ੍ਹ ਕੇ ਸਮੁੱਚੇ ਸਿੱਖ ਭਾਈਚਾਰੇ ਲਈ ਇੱਕ ਵੱਡਾ ਫ਼ੈਸਲਾ ਸੁਣਾਇਆ ਹੈ। ਪਾਕਿਸਤਾਨ, ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਨੂੰ ਸੁਧਾਰਨਾ ਚਾਹੁੰਦਾ ਹੈ।