ਅੰਮ੍ਰਿਤਸਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਮਹਾਗਠਜੋੜ ਬਣਾਇਆ ਜਾਵੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਆਮ ਆਦਮੀ ਪਾਰਟੀ ਤੇ ਇਸ ਤੋਂ ਬਾਗ਼ੀ ਹੋ ਵੱਖ ਹੋਏ ਲੀਡਰ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦਰਮਿਆਨ ਗਠਜੋੜ ਹੋ ਸਕਦਾ ਹੈ। ਇਸ ਦੀ ਖ਼ਾਹਸ਼ ਖ਼ੁਦ ਸੁਖਪਾਲ ਖਹਿਰਾ ਨੇ ਜ਼ਾਹਰ ਕੀਤੀ ਹੈ।
ਖਹਿਰਾ ਨੇ ਅੱਜ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਅਜੇ ਗੱਲਬਾਤ ਸ਼ੁਰੂਆਤੀ ਦੌਰ ਵਿੱਚ ਹੈ ਤੇ ਆਉਣ ਵਾਲੇ ਸਮੇਂ ‘ਚ ਇਸ ਦੇ ਹਾਂ ਪੱਖੀ ਨਤੀਜੇ ਨਿਕਲ ਸਕਦੇ ਹਨ। ਇਸ ਦੇ ਨਾਲ ਹੀ ਖਹਿਰਾ ਨੇ ਆਖਿਆ ਕਿ ਬ੍ਰਹਮਪੁਰਾ ਉਨ੍ਹਾਂ ਦੇ ਸਤਿਕਾਰਯੋਗ ਹਨ ਤੇ ਉਨ੍ਹਾਂ ਦੇ ਪਿਤਾ ਜੀ ਨਾਲ ਕੰਮ ਕਰਦੇ ਰਹੇ ਹਨ। ਉਹ ਚਾਹੁੰਦੇ ਹਨ ਕਿ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਮਹਾਗਠਜੋੜ ਕੀਤਾ ਜਾਵੇ ਬੇਸ਼ੱਕ ਉਸ ਵਿੱਚ ਆਮ ਆਦਮੀ ਪਾਰਟੀ ਵੀ ਆ ਜਾਵੇ ਬਸ਼ਰਤੇ ‘ਆਪ’, ਕਾਂਗਰਸ ਨਾਲ ਸਮਝੌਤਾ ਨਾ ਕਰੇ। ਹਾਲਾਂਕਿ, ‘ਆਪ’ ਨੇ ਪਹਿਲਾਂ ਹੀ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ।