ਨਵੀਂ ਦਿੱਲੀ : ਅਮਰੀਕਾ ਦੇ ਗ੍ਰੇਟਰ ਡੈਟ੍ਰਾਇਟ ਸ਼ਹਿਰ ‘ਚ ਸਥਿਤ ਫਰਜ਼ੀ ਫਾਰਮਿੰਗਟਨ ਯੂਨੀਵਰਸਿਟੀ ‘ਚ ਦਾਖ਼ਲੇ ਲਈ ਭਾਰਤੀ ਵਿਦਿਆਰਥੀਆਂ ਦੀ ਗਿ੍ਫ਼ਤਾਰੀ ਦਾ ਮਾਮਲਾ ਦੋਵਾਂ ਦੇਸ਼ਾਂ ਵਿਚਕਾਰ ਤੂਲ ਫੜਦਾ ਜਾ ਰਿਹਾ ਹੈ। ਅਮਰੀਕੀ ਜਾਂਚ ਏਜੰਸੀਆਂ ਨੇ ਉਸ ਯੂਨੀਵਰਸਿਟੀ ‘ਚ ਗ਼ਲਤ ਤਰੀਕੇ ਨਾਲ ਵੀਜ਼ਾ ਹਾਸਲ ਕੀਤੇ 129 ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਨਾ ਸਿਰਫ਼ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੂੰ ਡੇਮਾਰਸ਼ (ਇਤਰਾਜ਼ ਪੱਤਰ) ਜਾਰੀ ਕੀਤਾ ਹੈ ਬਲਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨੀ ਮਦਦ ਦੇਣ ਲਈ ਹਾਟਲਾਈਨ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਫਰਜ਼ੀ ਯੂਨੀਵਰਸਿਟੀ ਦੀ ਸਥਾਪਨਾ ਅਮਰੀਕਾ ਦੀ ਜਾਂਚ ਏਜੰਸੀ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ੰਜ਼ ਨੇ ਹੀ ਸਿੱਖਿਆ ਦੇ ਬਹਾਨੇ ਫਰਜ਼ੀ ਵੀਜ਼ਾ ਰੈਕਟ ਚਲਾਉਣ ਵਾਲੇ ਲੋਕਾਂ ਦੀ ਗਿ੍ਫ਼ਤਾਰੀ ਲਈ ਕੀਤੀ ਸੀ।
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਪੂਰੀ ਸਥਿਤੀ ‘ਤੇ ਕਰੀਬੀ ਨਜ਼ਰ ਰੱਖੀ ਬੈਠੀ ਹੈ ਤੇ ਸਹੀ ਸਥਿਤੀ ਦਾ ਪਤਾ ਲਗਾ ਰਹੀ ਹੈ। ਅਸੀਂ ਅਮਰੀਕੀ ਦੂਤਘਰ ਨੂੰ ਕਿਹਾ ਹੈ ਕਿ ਗਿ੍ਫ਼ਤਾਰ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਉਨ੍ਹਾਂ ਤਕ ਭਾਰਤੀ ਸਫ਼ੀਰਾਂ ਦੀ ਪਹੁੰਚ ਦਿੱਤੀ ਜਾਵੇ ਤਾਂਕਿ ਉਨ੍ਹਾਂ ਦੀ ਅੱਗੇ ਹੋਰ ਮਦਦ ਕੀਤੀ ਜਾ ਸਕੇ। ਅਸੀਂ ਇਹ ਪਾਇਆ ਹੈ ਕਿ ਭਾਰਤੀ ਵਿਦਿਆਰਥੀ ਉਸ ਯੂਨੀਵਰਸਿਟੀ ‘ਚ ਨਾਂ ਲਿਖਵਾਉਣ ਦੇ ਕ੍ਰਮ ‘ਚ ਧੋਖੇ ਦਾ ਸ਼ਿਕਾਰ ਹੋਏ ਹਨ। ਭਾਰਤ ਦਾ ਮੰਨਣਾ ਹੈ ਕਿ ਜੋ ਲੋਕ ਧੋਖੇ ਦਾ ਸ਼ਿਕਾਰ ਹੋਏ ਹਨ ਉਨ੍ਹਾਂ ਨਾਲ ਧੋਖਾ ਦੇਣ ਵਾਲਿਆਂ ਤੋਂ ਵੱਖਰਾ ਵਿਹਾਰ ਹੋਣਾ ਚਾਹੀਦਾ ਹੈ। ਅਮਰੀਕੀ ਸਰਕਾਰ ਨੂੰ ਕਿਹਾ ਗਿਆ ਹੈ ਕਿ ਪੂਰੇ ਮਾਮਲੇ ਬਾਰੇ ਭਾਰਤ ਨੂੰ ਸਾਰੀ ਜਾਣਕਾਰੀ ਉਪਲਬਧ ਕਰਵਾਈ ਜਾਵੇ ਤੇ ਅੱਗੇ ਵੀ ਜੋ ਕਾਰਵਾਈ ਹੁੰਦੀ ਹੈ ਉਸ ਨੂੰ ਲੈ ਕੇ ਜਾਣੂ ਕਰਵਾਇਆ ਜਾਵੇ। ਇਹ ਵੀ ਮੰਗ ਕੀਤੀ ਹੈ ਕਿ ਧੋਖੇ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਨ੍ਹਾਂ ਨੂੰ ਬਿਨਾਂ ਉਨ੍ਹਾਂ ਦੀ ਇੱਛਾ ਦੇ ਜ਼ਬਰਦਸਤੀ ਭਾਰਤ ਨਾ ਭੇਜਿਆ ਜਾਵੇ। ਅਮਰੀਕੀ ਦੂਤਘਰ ਨੇ ਵੀ ਸਵੀਕਾਰ ਕੀਤਾ ਹੈ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਡੇਮਾਰਸ਼ ਜਾਰੀ ਕੀਤਾ ਗਿਆ ਹੈ।
ਵਾਸ਼ਿੰਗਟਨ ਵਿਖੇ ਭਾਰਤੀ ਦੂਤਘਰ ਨੇ ਅਮਰੀਕਾ ਦੇ ਕਈ ਹਿੱਸਿਆਂ ‘ਚ ਆਪਣੇ ਸਫ਼ੀਰਾਂ ਨੂੰ ਭੇਜਿਆ ਹੈ ਤਾਂਕਿ ਫੜੇ ਗਏ ਬੱਚਿਆਂ ਨਾਲ ਸੰਪਰਕ ਕੀਤਾ ਜਾ ਸਕੇ। ਹਾਲੇ ਤਕ ਸਿਰਫ਼ 30 ਭਾਰਤੀ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਜਾ ਸਕਿਆ ਹੈ। ਹਾਲਾਂਕਿ ਅਮਰੀਕੀ ਸਮਾਚਾਰ ਪੱਤਰਾਂ ਮੁਤਾਬਕ ਗਿ੍ਫ਼ਤਾਰ ਬੱਚਿਆਂ ਦੀ ਗਿਣਤੀ 129 ਹੈ। ਭਾਰਤੀ ਦੂਤਘਰ ਨੇ ਫੜੇ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਾਨੂੰਨੀ ਸਲਾਹ ਜਾਂ ਮਦਦ ਚਾਹੀਦੀ ਹੈ ਤਾਂ ਉਸ ਦੀ ਵਿਵਸਥਾ ਵੀ ਕੀਤੀ ਜਾਵੇਗੀ।