ਲਾਹੌਰ: ਜੱਲ੍ਹਿਆਂਵਾਲੇ ਬਾਗ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਆਜ਼ਾਦੀ ਦੇ ਪਰਵਾਨੇ ਊਧਮ ਸਿੰਘ ਦੀ 79ਵੀਂ ਬਰਸੀ ਮੌਕੇ ਪਾਕਿਸਤਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਨੇ ਇਹ ਸਮਾਗਮ ਕਰਵਾਇਆ ਹੈ। ਇਹ ਪਹਿਲੀ ਵਾਰ ਹੈ ਜਦ ਪਾਕਿਸਤਾਨ ਵਿੱਚ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ।
ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਮੁਤਾਬਕ ਲਾਹੌਰ ਵਿੱਚ ਇਸ ਮਹਾਨ ਸ਼ਹੀਦ ਦੀ ਯਾਦ ਵਿੱਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਤੇ ਲਾਹੌਰ ਹਾਈਕੋਰਟ ਦੇ ਵਕੀਲਾਂ ਨੇ ਆਪਣੇ ਵਿਚਾਰ ਵੀ ਰੱਖੇ।
ਬੇਸ਼ੱਕ ਊਧਮ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੇ ਖਲਨਾਇਕ ਮਾਈਕਲ ਓ ਡਾਇਰ ਨੂੰ ਸਬਕ ਸਿਖਾਉਣ ਲਈ ਹਥਿਆਰਾਂ ਦਾ ਸਹਾਰਾ ਲਿਆ ਪਰ ਉਨ੍ਹਾਂ ਦੀ ਅਸਲ ਜ਼ਿੰਦਗੀ ਬਿਲਕੁਲ ਉਲਟ ਸੀ। ਊਧਮ ਸਿੰਘ ਹਥਿਆਰਾਂ ਦੀ ਬਜਾਏ ਕਿਤਾਬਾਂ ਦੇ ਸ਼ੌਕੀਨ ਸਨ।
ਇੰਗਲੈਂਡ ਵਿੱਚ ਡਾਇਰ ਨੂੰ ਮਾਰਨ ਤੋਂ ਐਨ ਪਹਿਲਾਂ ਉਹ ਆਪਣੀ ਪਸੰਦੀਦਾ ਕਿਤਾਬ ਹੀਰ-ਰਾਂਝਾ ਪੜ੍ਹ ਰਹੇ ਸਨ। ਡਾਇਰ ਨੂੰ ਗੋਲ਼ੀ ਮਾਰਨ ਤੋਂ ਪਹਿਲਾਂ ਊਧਮ ਸਿੰਘ ਨੇ ਹੀਰ ਰਾਂਝਾ ਦੇ ਕਿੱਸੇ ਨੂੰ ਆਪਣੇ ਇੰਗਲੈਂਡ ਰਹਿੰਦੇ ਦੋਸਤ ਨੂੰ ਸੌਂਪ ਦਿੱਤਾ ਸੀ। ਹੁਣ ਊਧਮ ਸਿੰਘ ਦੀ ਯਾਦ ‘ਚ ਸਿਰਫ ਭਾਰਤੀ ਹੀ ਨਹੀਂ ਬਲਕਿ ਪਾਕਿਸਤਾਨੀ ਵੀ ਸਿਜਦਾ ਕਰਨਗੇ।