28.2 F
New York, US
December 27, 2024
PreetNama
ਸਿਹਤ/Healthਖਬਰਾਂ/Newsਖਾਸ-ਖਬਰਾਂ/Important News

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

ਵੈਨਕੂਵਰ- ਸਰੀ ‘ਚ ਤਾਇਨਾਤ ਪੁਲੀਸ ਨੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਚੋਰੀ ਦੇ ਤਿੰਨ ਵਾਹਨਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਐਨੀ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਜਾਣਾ ਹੁਣ ਤੱਕ ਦਾ ਰਿਕਾਰਡ ਹੈ।
ਪੁਲੀਸ ਦੀ ਤਰਜਮਾਨ ਸਰਬਜੀਤ ਸੰਘਾ ਨੇ ਫੜੇ ਗਏ ਸਾਮਾਨ ਬਾਰੇ ਦੱਸਿਆ ਕਿ ਨਸ਼ੇ ਵਜੋਂ 36 ਕਿਲੋ ਫੈਂਟਾਨਿਲ, 23 ਕਿਲੋ ਐਮਡੀਐਮਏ, 23 ਕਿਲੋ ਮੈਥਾਫੈਟਮਾਈਨ, 24 ਕਿਲੋ ਕੋਕੀਨ, 16 ਕਿਲੋ ਬੈਂਜੋਡਾਇਪਾਈਨ, 1900 ਰਸਾਇਣ ਗੋਲੀਆਂ ਸਮੇਤ 11 ਕਿਲੋ ਹੋਰ ਤੇਜ਼ ਰਸਾਇਣ ਸ਼ਾਮਲ ਹਨ, ਜਿਨ੍ਹਾਂ ਤੋਂ ਕਈ ਗੁਣਾ ਹੋਰ ਨਸ਼ਾ ਬਣਾਇਆ ਜਾਣਾ ਸੀ। ਤਿੰਨਾਂ ਤੋਂ 1 ਲੱਖ 19 ਹਜ਼ਾਰ ਡਾਲਰ ਨਕਦੀ, ਕਈ ਕਾਰਤੂਸਾਂ ਸਮੇਤ 6 ਮਾਰੂ ਹਥਿਆਰ ਅਤੇ ਚੋਰੀ ਦੀਆਂ ਤਿੰਨ ਕਾਰਾਂ ਵੀ ਮਿਲੀਆਂ ਹਨ। ਬੀਬੀ ਸੰਘਾ ਨੇ ਕਿਹਾ ਕਿ ਫੜੇ ਗਏ ਸਾਮਾਨ ਦੀ ਬਾਜ਼ਾਰੀ ਕੀਮਤ ਸਾਢੇ 6 ਕਰੋੜ ਡਾਲਰ (ਕਰੀਬ 400 ਕਰੋੜ ਰੁਪਏ) ਬਣਦੀ ਹੈ।

ਪੁਲੀਸ ਤਰਜਮਾਨ ਨੇ ਦੱਸਿਆ ਕਿ ਪੁਲੀਸ ਟੀਮ ਨੇ ਕਈ ਮਹੀਨਿਆਂ ਤੋਂ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਹੋਈ ਸੀ ਤੇ ਸਾਰੇ ਸਬੂਤ ਇਕੱਤਰ ਕਰ ਕੇ ਸਾਮਾਨ ਦੀ ਰਿਕਾਰਡ ਖੇਪ ਸਮੇਤ ਫੜਿਆ ਗਿਆ। ਪੁਲੀਸ ਨੇ ਫੜੇ ਤਿੰਨਾਂ ਲੋਕਾਂ ਦੀ ਪਛਾਣ ਤਾਂ ਜਾਰੀ ਨਹੀਂ ਕੀਤੀ, ਪਰ ਇਹ ਦੱਸਿਆ ਕਿ ਤਿੰਨੇ 24 ਤੋਂ 47 ਸਾਲ ਉਮਰ ਵਾਲੇ ਹਨ। ਉਸ ਨੇ ਕਿਹਾ ਕਿ ਕੇਂਦਰੀ ਪੁਲੀਸ ਵਲੋਂ ਦੇਸ਼ ਭਰ ਵਿੱਚ ਇੱਕੋ ਵੇਲੇ ਫੜੇ ਗਏ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਹੈ, ਜਦ ਕਿ ਅਸਲੇ, ਨਕਦੀ ਅਤੇ ਕਾਰਾਂ ਦੀ ਕੀਮਤ ਇਸ ਤੋਂ ਵੱਖਰੀ ਹੈ।
ਉਸ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੀ ਖੇਪ ਫੜ ਕੇ ਇਸ ਨੂੰ ਲੱਖਾਂ ਨਸ਼ੇੜੀਆਂ ਤੱਕ ਪੁੱਜਣ ਤੋਂ ਰੋਕ ਲਿਆ ਗਿਆ ਹੈ ਤੇ ਇਸ ਦੀ ਓਵਰਡੋਜ਼ ਕਾਰਨ ਮਰਨ ਵਾਲੇ ਸੈਂਕੜੇ ਲੋਕਾਂ ਦੀ ਜਾਨ ਬਚਾ ਲਈ ਗਈ ਹੈ। ਬੀਬੀ ਸੰਘਾ ਨੇ ਮੰਨਿਆ ਕਿ ਇਸ ਗਰੋਹ ਦਾ ਪਿਛਲੇ ਮਹੀਨੇ ਫੜੀ ਗਈ ਨਸ਼ਾ ਲੈਬ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਦੇ ਸਬੂਤ ਨਹੀਂ ਮਿਲੇ। ਉਸਨੇ ਕਿਹਾ ਕਿ ਗਰੋਹ ਦੇ ਅੱਡੇ ਸਰੀ, ਰਿਚਮੰਡ, ਵੈਨਕੂਵਰ ਤੇ ਕੁਇਟਲਮ ਸ਼ਹਿਰਾਂ ਵਿੱਚ ਸਨ।

 

Related posts

ਨਿਊਜ਼ੀਲੈਂਡ ‘ਚ ਮਰੀਜ਼ਾਂ ਲਈ ਸਵੈ-ਇੱਛਤ ਮੌਤ ਵਾਲਾ ਕਾਨੂੰਨ ਲਾਗੂ, ਸਿੱਖ ਭਾਈਚਾਰੇ ਨੇ ਗੁਰਬਾਣੀ ਦੇ ਹਵਾਲੇ ਨਾਲ ਪ੍ਰਗਟਾਈ ਸੀ ਅਸਿਹਮਤੀ

On Punjab

PM Modi ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, ਦੇਵਘਰ ਏਅਰਪੋਰਟ ‘ਤੇ ਰੋਕਿਆ ਗਿਆ

On Punjab

ਮੌਨਸੂਨ ਦੌਰਾਨ ਹਿਮਾਚਲ ਨੂੰ 1,195 ਕਰੋੜ ਰੁਪਏ ਦਾ ਨੁਕਸਾਨ, 55 ਸੜਕਾਂ ਬੰਦ

On Punjab