ਸੂਬੇ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਟੱਕਰ ਦੇਣ ਲਈ ਪੰਜਾਬ ਅੰਦਰ ਨਵੇਂ ਬਣੇ ਧੜੇ ਇਕ ਹੋ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ’ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਅਕਾਲੀ ਦਲ ਟਕਸਾਲੀ ਬਣਾ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਉਸ ਵੇਲੇ ਕੀਤਾ ਜਦੋਂ ਉਹ ਹਲਕਾ ਕਾਦੀਆਂ ਦੇ ਪਿੰਡ ਖੁੰਡੀ ਦੀ ਮੁੜ ਤੋਂ ਚੁਣੀ ਗਈ ਇਕ ਸਰਪੰਚ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪਹੁੰਚੇ।
ਨਾਲ ਹੀ ਉਨ੍ਹਾਂ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਵੱਲੋਂ ਟਕਸਾਲੀ ਅਕਾਲੀ ਆਗੂ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੂਬੇ ਨੂੰ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਮੱਕੜ ਜਾਲ ਵਿੱਚੋਂ ਮੁਕਤ ਕਰਾਉਣ ਲਈ ਸੂਬੇ ਅੰਦਰ ਬਣੇ ਨਵੇਂ ਸੰਗਠਨਾਂ ਦਾ ਇਕ ਹੋ ਕੇ ਲੜਨਾ ਮੌਜੂਦਾ ਸਮੇਂ ਦੀ ਲੋੜ ਹੈ।