ਮੁੰਬਈ: ਅਦਾਕਾਰ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਅੱਜ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਜੋੜੇ ਨੇ ਮੁੰਬਈ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਹਨ। ਇਸ ਮੌਕੇ ਖਾਸ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਸੋਨਾਕਸ਼ੀ ਤੇ ਜ਼ਹੀਰ ਨੇ ਅੱਜ ਆਪਣੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਸੋਨਾਕਸ਼ੀ ਤੇ ਜ਼ਹੀਰ ਪਿਛਲੇ ਸੱਤ ਸਾਲਾਂ ਤੋਂ ਇੱਕ-ਦੂਜੇ ਨਾਲ ਪ੍ਰੇਮ ਸਬੰਧ ਵਿੱਚ ਸਨ। ਜੋੜੇ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਸੋਨਾਕਸ਼ੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਜਿਸ ’ਤੇ ਕਢਾਈ ਕੀਤੀ ਹੋਈ ਸੀ।
ਅਦਾਕਾਰਾ ਨੇ ਆਪਣੇ ਵਾਲਾਂ ਦਾ ਜੂੜਾ ਕੀਤਾ ਹੋਇਆ ਸੀ, ਜਿਸ ਵਿੱਚ ਉਸ ਨੇ ਸਫੇਦ ਰੰਗ ਦੇ ਫੁੱਲ ਲਗਾਏ ਹੋਏ ਸਨ। ਜ਼ਹੀਰ ਨੇ ਆਪਣੇ ਵਿਆਹ ਮੌਕੇ ਪੂਰੇ ਸਫੇਦ ਰੰਗ ਦੇ ਕੱਪੜੇ ਪਹਿਨੇ। ਪਹਿਲੀ ਤਸਵੀਰ ਵਿੱਚ ਜ਼ਹੀਰ ਸੋਨਾਕਸ਼ੀ ਦੇ ਹੱਥ ਨੂੰ ਚੁੰਮਦਾ ਦਿਖਾਈ ਦਿੰਦਾ ਹੈ ਅਤੇ ਦੂਜੀ ਵਿੱਚ ਆਪਣਾ ਵਿਆਹ ਰਜਿਸਟਰ ਕਰਦੇ ਨਜ਼ਰ ਆਉਂਦੇ ਹਨ। ਇੱਕ ਹੋਰ ਤਸਵੀਰ ’ਚ ਜ਼ਹੀਰ ਪੇਪਰ ’ਤੇ ਦਸਤਖ਼ਤ ਕਰਦਾ ਦਿਖਾਈ ਦਿੰਦਾ ਹੈ, ਜਦੋਂਕਿ ਸੋਨਾਕਸ਼ੀ ਨੇ ਆਪਣੇ ਪਿਤਾ ਸ਼ਤਰੂਘਣ ਦੀ ਬਾਹ ਫੜੀ ਹੋਈ ਹੈ ਤੇ ਉਹ ਜ਼ਹੀਰ ਨੂੰ ਦੇਖ ਰਹੀ ਹੈ। ਸੋਨਾਕਸ਼ੀ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਇਸੇ ਦਿਨ ਸੱਤ ਸਾਲ ਪਹਿਲਾਂ (23.06.2017) ਅਸੀਂ ਦੋਵਾਂ ਨੇ ਇੱਕ-ਦੂਜੇ ਦੀਆਂ ਅੱਖਾਂ ਵਿੱਚ ਪਿਆਰ ਦੇਖਿਆ ਤੇ ਇਸ ਨੂੰ ਨਿਭਾਉਣ ਦਾ ਫ਼ੈਸਲਾ ਕੀਤਾ। ਅੱਜ ਉਸ ਪਿਆਰ ਨੇ ਸਾਡੀਆਂ ਚੁਣੌਤੀਆਂ ਤੇ ਜਿੱਤਾਂ ਦੀ ਅਗਵਾਈ ਕੀਤੀ… ਇਸ ਪਲ ਤੱਕ ਵੀ ਅਗਵਾਈ ਕੀਤੀ, ਜਿੱਥੇ ਸਾਡੇ ਪਰਿਵਾਰਾਂ ਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਹੁਣ ਅਸੀਂ ਪਤੀ-ਪਤਨੀ ਹਾਂ।’’