ਹੁਣ ਉਹ ਚੁੱਪ ਰਹਿੰਦਾ ਹੈ
ਕਦੇ ਵੀ
ਬੋਲਦਾ ਨਹੀਂ ਹੈ।
ਉਸ ਦੇ ਹੱਥ ਉੱਤੋਂ
ਸੁੱਕੀ ਰੋਟੀ
ਚੁੱਕ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਉਸ ਦੇ ਸਾਰੇ ਰਾਹ
ਸ਼ਰੀਕਾਂ ਨੇ ਮੱਲ ਲਏ ਹਨ,
ਉਸ ਦੀ ਬੱਚੇ ਹੱਥੋਂ
ਕਿਤਾਬ ਖੋਹ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਕੈਂਸਰ ਪੀੜਤ ਮਾਂ ਨੂੰ
ਹਸਪਤਾਲ ਲੈ ਕੇ ਜਾਂਦਾ ਹੈ
ਕਾਲੇ ਪੀਲੀਏ ਦਾ ਇਲਾਜ਼
ਕਰਵਾਉਂਦੇ ਗੁਆਂਢੀ ਨਾਲ
ਹਮਦਰਦੀ ਰੱਖਦਾ ਹੈ,
ਆਪਣੇ ਭਰਾ ਦੀ ਹੋਈ
ਬੇਇੱਜ਼ਤੀ ‘ਤੇ
ਹੌਕਾ ਭਰਦਾ ਹੈ
ਪਰ
ਬੋਲਦਾ ਨਹੀਂ ਹੈ।
ਉਸ ਅੰਦਰਲਾ ਜਵਾਲਾਮੁਖੀ
ਭਖਦੇ ਲਾਵੇ ਤੋਂ
ਠੰਢੇ ਸੀਤ ਮੈਗਮੇ
ਵਿੱਚ ਬਦਲ ਚੁੱਕਾ ਹੈ।
ਇਸ ਲਈ ਉਹ
ਬੋਲਦਾ ਨਹੀਂ ਹੈ।
ਕਿਉਂਕਿ
ਉਹ
ਦੇਸ਼ ਦਾ
ਅਮਨ ਪਸੰਦ
ਸ਼ਹਿਰੀ ਬਣ ਚੁੱਕਾ ਹੈ।
ਕ੍ਰਿਸ਼ਨ ਪ੍ਰਤਾਪ।