ਚੰਡੀਗੜ੍ਹ: ਇੱਥੋਂ ਦੇ ਸੈਕਟਰ 35 ਸਥਿਤ ਪੰਜ ਤਾਰਾ ਹੋਟਲ ਜੇਡਬਲਿਊ ਮੈਰੀਓਟ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਬਦਲੇ 442.50 ਰੁਪਏ ਵਸੂਲੇ ਜਾਣ ਦੇ ਮਾਮਲੇ ਦੀ ਹੁਣ ਜਾਂਚ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ ਸੇਵਾ ਕਰ (GST) ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਬਾਤ ਪਾਉਂਦੀ ਦਸਤਾਵੇਜ਼ੀ ਫ਼ਿਲਮ ਗਲੱਟ ਦੇ ਸੂਤਰਧਾਰ ਤੇ ਹਿੰਦੀ ਫੀਚਰ ਫ਼ਿਲਮਾਂ ਦਿਲ ਧੜਕਨੇ ਦੋ, ਚਮੇਲੀ, ਪਿਆਰ ਕੇ ਸਾਈਡ ਇਫ਼ੈਕਟਸ ਤੇ ਝਨਕਾਰ ਬੀਟਸ ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਾਹੁਲ ਬੋਸ ਨੇ ਟਵਿੱਟਰ ‘ਤੇ ਪਰਸੋਂ ਦੇਰ ਰਾਤੀਂ ਵੀਡੀਓ ਸਾਂਝੀ ਕਰ ਹੋਟਲ ਦੀ ਇਸ ‘ਲੁੱਟ’ ਨੂੰ ਉਜਾਗਰ ਕੀਤਾ ਸੀ।ਵੀਡੀਓ ਵਿੱਚ ਰਾਹੁਲ ਬੋਸ ਨੇ ਦੱਸਿਆ ਸੀ ਕਿ ਅੱਜ-ਕੱਲ੍ਹ ਉਹ ਚੰਡੀਗੜ੍ਹ ’ਚ ਫ਼ਿਲਮ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੋ ਕੇਲਿਆਂ ਦਾ ਆਰਡਰ ਦਿੱਤਾ ਸੀ, ਜਿਸ ਦਾ ਜੀਐਸਟੀ ਸਮੇਤ 442.50 ਰੁਪਏ ਦਾ ਬਿੱਲ ਦਿੱਤਾ ਗਿਆ ਸੀ।
ਰਾਹੁਲ ਬੋਸ ਦੀ ਇਹ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਤੇ ਬਹੁਤੇ ਲੋਕਾਂ ਨੇ ਇਸ ਨੂੰ ਹੋਟਲ ਦੀ ਅੰਨ੍ਹੀ ਲੁੱਟ ਕਰਾਰ ਦਿੱਤਾ ਹੈ। ਹਾਲਾਂਕਿ, ਹੁਣ ਡਿਪਟੀ ਕਮਿਸ਼ਨਰ ਨੇ ਵੀ ਤਾਜ਼ੇ ਫਲਾਂ ‘ਤੇ 18% GST ਦੇ ਹਿਸਾਬ ਨਾਲ ਵਸੂਲੇ 67.50 ਰੁਪਏ ਦੀ ਜਾਂਚ ਸ਼ੁਰੂ ਕਰਵਾਈ ਹੈ ਪਰ ਦੋ ਕੇਲਿਆਂ ਦੀ ਇੰਨੀ ਵੱਡੀ ਕੀਮਤ ਵਸੂਲਣ ਬਾਰੇ ਹਾਲੇ ਕਿਸੇ ਕਾਰਵਾਈ ਜਾਂ ਜਾਂਚ ਦੀ ਕੋਈ ਖ਼ਬਰ ਨਹੀਂ ਹੈ