ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜਲਦੀ ਹੀ ਤੇਲਗੂ ਫਿਲਮ ‘ਕਨੱਪਾ’ ਵਿੱਚ ਭਗਵਾਨ ਸ਼ਿਵ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਇਸ ਫਿਲਮ ਵਿੱਚ ਵਿਸ਼ਨੂੰ ਮੰਚੂ ਮੁੱਖ ਭੂਮਿਕਾ ਨਿਭਾਏਗਾ। ਅਕਸ਼ੈ ਦੇ 57ਵੇਂ ਜਨਮ ਦਿਨ ’ਤੇ ਅੱਜ ਫਿਲਮ ‘ਕਨੱਪਾ’ ਦੀ ਟੀਮ ਨੇ ਅਦਾਕਾਰ ਨੂੰ ਵਧਾਈ ਦਿੱਤੀ ਅਤੇ ਉਸ ਦੀ ਭੂਮਿਕਾ ਵਾਲਾ ਪੋਸਟਰ ਸਾਂਝਾ ਕੀਤਾ। ਹਾਲਾਂਕਿ ਇਸ ਵਿੱਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਉਸ ਨੇ ਬਾਹਾਂ ਵਿੱਚ ਪਵਿੱਤਰ ਰੁਦਰਾਕਸ਼ ਦੀ ਮਾਲਾ ਪਹਿਨੀ ਹੋਈ ਹੈ। ਫਿਲਮ ਦੀ ਟੀਮ ਨੇ ਐਕਸ ’ਤੇ ਕਿਹਾ, ‘ਅਕਸ਼ੈ ਕੁਮਾਰ ਨੂੰ ਜਨਮ ਦਿਨ ਦੀ ਵਧਾਈ। ਫਿਲਮ ਵਿੱਚ ਤੁਹਾਡਾ ਕਿਰਦਾਰ ਅਟੁੱਟ ਸਮਰਪਣ ਦਾ ਪ੍ਰਮਾਣ ਹੈ।’ ਮੁਕੇਸ਼ ਕੁਮਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਦਾ ਨਿਰਮਾਣ ਮੰਚੂ ਦੇ ਬੈਨਰ ਏਵੀਏ ਐਂਟਰਟੇਨਮੈਂਟ ਅਤੇ 24 ਫਰੇਮਜ਼ ਫੈਕਟਰੀ ਵੱਲੋਂ ਕੀਤਾ ਗਿਆ ਹੈ। ਫਿਲਮ ਵਿੱਚ ਪ੍ਰੀਤੀ ਮੁਕੁੰਦ, ਮੋਹਨ ਲਾਲ, ਮੋਹਨ ਬਾਬੂ, ਆਰ ਸ਼ਰਤਕੁਮਾਰ, ਮਧੂ ਅਤੇ ਮੁਕੇਸ਼ ਰਿਸ਼ੀ ਵੀ ਨਜ਼ਰ ਆਉਣਗੇ। ਇਹ ਫਿਲਮ ਤੇਲਗੂ, ਤਮਿਲ, ਮਲਿਆਲਮ, ਕੰਨੜ, ਹਿੰਦੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ ਤਰੀਕ ਹਾਲੇ ਐਲਾਨੀ ਨਹੀਂ ਗਈ। ਇਸ ਤੋਂ ਪਹਿਲਾਂ ਅਕਸ਼ੈ ਨੇ ਨਿਰਦੇਸ਼ਕ ਪ੍ਰਿਯਦਰਸ਼ਨ ਨਾਲ ਆਪਣੀ ਨਵੀਂ ਫਿਲਮ ‘ਭੂਤ ਬੰਗਲਾ’ ਦਾ ਐਲਾਨ ਵੀ ਕੀਤਾ ਸੀ। ਪ੍ਰਿਯਦਰਸ਼ਨ ਅਤੇ ਅਕਸ਼ੈ ਕਿਸੇ ਫਿਲਮ ਵਿੱਚ ਇਕੱਠੇ 14 ਸਾਲ ਬਾਅਦ ਕੰਮ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ‘ਹੇਰਾ ਫੇਰੀ’, ‘ਗਰਮ ਮਸਾਲਾ’, ‘ਭਾਗਮ-ਭਾਗ’ ਅਤੇ ‘ਭੂਲ ਭੁਲੱਈਆ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਕਸ਼ੈ ਨੇ ਇਸ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ, ਜਿਸ ਵਿੱਚ ਉਹ ਦੁੱਧ ਪੀਂਦਾ ਨਜ਼ਰ ਆ ਰਿਹਾ ਹੈ, ਜਦਕਿ ਕਾਲੀ ਬਿੱਲੀ ਉਸ ਦੇ ਮੋਢੇ ’ਤੇ ਬੈਠੀ ਹੈ। ਇਸ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਰਹੀ ਹੈ। ‘ਭੂਤ ਬੰਗਲਾ’ ਏਕਤਾ ਆਰ ਕਪੂਰ ਦੇ ਬੈਨਰ ‘ਬਾਲਾਜੀ ਟੈਲੀਫਿਲਮਜ਼ ਲਿਮਟਿਡ ਹੇਠ 2025 ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਫਾਰਾ ਸ਼ੇਖ ਅਤੇ ਵੇਦਾਂਤ ਬਾਲੀ ਵੱਲੋਂ ਕੀਤਾ ਜਾਵੇਗਾ।
previous post