ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਬਹੁਤਾ ਹੁੰਗਾਰਾ ਨਹੀਂ ਮਿਲਿਆ। ਸੰਨੀ ਨੇ ਹਿੰਦੂ ਬਹੁ-ਗਿਣਤੀ ਵਾਲੀਆਂ ਬੀਜੇਪੀ ਦੇ ਹਿੱਸੇ ਦੀਆਂ ਚਾਰ ਵਿਧਾਨ ਸਭਾ ਸੀਟਾਂ ਆਸਾਨੀ ਨਾਲ ਜਿੱਤ ਲਈਆਂ, ਪਰ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਸੰਨੀ ਨੂੰ ਓਨਾ ਸਮਰਥਨ ਨਹੀਂ ਮਿਲਿਆ। ਇਸ ਨਾਲ ਅਕਾਲੀ-ਬੀਜੇਪੀ ਗਠਜੋੜ ਦੇ ਰਿਸ਼ਤੇ ਵਿੱਚ ਤਰੇੜ ਪੈ ਸਕਦੀ ਹੈ।
ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਆਉਂਦੇ ਹਨ। ਸੀਟਾਂ ਦੀ ਵੰਡ ਦੇ ਸਮਝੌਤੇ ਮੁਤਾਬਕ ਇਨ੍ਹਾਂ ਵਿੱਚੋਂ ਬੀਜੇਪੀ ਕੋਲ ਚਾਰ ਸੀਟਾਂ ਹਨ ਜਦਕਿ 5 ਸੀਟਾਂ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਹਨ। ਭੋਆ, ਸੁਜਾਨਪੁਰ, ਪਠਾਨਕੋਟ ਤੇ ਦੀਨਾਨਗਰ ਸਾਰੀਆਂ ਹਿੰਦੂ ਤਬਕੇ ਵਾਲੀਆਂ ਸੀਟਾਂ ਹਨ ਜੋ ਬੀਜੇਪੀ ਕੋਲ ਹਨ। ਅਕਾਲੀਆਂ ਕੋਲ ਜੱਟ ਸਿੱਖ ਵੋਟਰ ਵਾਲੀਆਂ 5 ਸੀਟਾਂ ਹਨ ਜਿਨ੍ਹਾਂ ਵਿੱਚ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਬਟਾਲਾ ਤੇ ਕਾਦੀਆਂ ਸ਼ਾਮਲ ਹਨ।
ਬੀਜੇਪੀ ਨੇ ਭੋਆ, ਸੁਜਾਨਪੁਰ ਤੇ ਪਠਾਨਕੋਟ ਤੋਂ 30,000 ਦੇ ਕਰੀਬ ਵੋਟਾਂ ਨਾਲ ਲੀਡ ਹਾਸਲ ਕੀਤੀ ਜਦਕਿ ਦੀਨਾਨਗਰ ਤੋਂ 21,000 ਵੋਟਾਂ ਨਾਲ ਲੀਡ ਮਿਲੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਿੱਚੋਂ, ਸੰਨੀ ਫਤਿਹਗੜ੍ਹ ਚੂੜੀਆਂ ਤੋਂ 20,800 ਤੇ ਡੇਰਾ ਬਾਬਾ ਨਾਨਕ ਤੋਂ 18,700 ਵੋਟਾਂ ਨਾਲ ਹਾਰ ਗਏ।
ਇਸੇ ਤਰ੍ਹਾਂ ਬਟਾਲਾ, ਕਾਦੀਆਂ ਤੇ ਗੁਰਦਾਸਪੁਰ ਵਿੱਚ ਉਨ੍ਹਾਂ ਨੇ ਕ੍ਰਮਵਾਰ 956, 1,183 ਤੇ 1,149 ਵੋਟਾਂ ਨਾਲ ਲੀਡ ਹਾਸਲ ਕੀਤੀ। ਇਹ ਉਨ੍ਹਾਂ ਦੀ ਪਾਰਟੀ ਦੇ ਕੰਟਰੋਲ ਹੇਠਲੇ ਖੇਤਰਾਂ ਵਿੱਚੋਂ ਮਿਲੀ ਲੀਡ ਤੋਂ ਕਿਤੇ ਜ਼ਿਆਦਾ ਘੱਟ ਹੈ। ਇਸ ਦਾ ਮਤਲਬ ਹੈ ਕਿ ਅਕਾਲੀ ਸੰਨੀ ਦਿਓਲ ਦੇ ਸਮਰਥਨ ਵਿੱਚ ਨਹੀਂ ਸਨ।
ਬੀਜੇਪੀ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਉਨ੍ਹਾਂ ਵੋਟਿੰਗ ਪੈਟਰਨ ਦਾ ਅਧਿਐਨ ਕਰਨ ਮਗਰੋਂ ਦਿੱਲੀ ਵਿੱਚ ਪਾਰਟੀ ਹੈੱਡ ਕੁਆਰਟਰ ਨੂੰ ਇਸ ਦੀ ਸੂਚਨਾ ਭੇਜ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗਠਜੋੜ ਦੀ ਸਥਿਤੀ ਬੇਹੱਦ ਤਣਾਓ ਵਿੱਚ ਹੈ। ਪੰਜਾਬ ਵਿੱਚ ਬੀਜੇਪੀ ਅਕਾਲੀਆਂ ‘ਤੇ ਨਿਰਭਰ ਸੀ ਕਿ ਉਨ੍ਹਾਂ ਦੀਆਂ ਵਿਧਾਨ ਸਭਾ ਸੀਟਾਂ ਤੋਂ ਪਾਰਟੀ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ, ਬਲਕਿ ਅਕਾਲੀ ਦਲ ਦੀਆਂ ਸੀਟਾਂ ਤੋਂ ਨੁਕਸਾਨ ਹੋਇਆ।