ਪਟਿਆਲਾ-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਦਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਲੋਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਇਮ ਭਰਤੀ ਕਮੇਟੀ ਨੂੰ ਸਹਿਯੋਗ ਦੇਣ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰਬਾਣੀ ’ਚ ਮਨਮੁੱਖਾਂ ਬਾਰੇ ਘੱਟ ਤੇ ਸਨਮੁੱਖਾਂ ਬਾਰੇ ਵੱਧ ਜ਼ਿਕਰ ਹੈ, ਜਿਸ ਕਰਕੇ ਮਨਮੁੱਖਾਂ ਦਾ ਖਿਆਲ ਛੱਡ ਕੇ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਅਕਾਲ ਤਖਤ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ’ਤੇ ਭਰੋਸਾ ਰੱਖਣ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਕਾਫਲਾ ਵੱਡਾ ਮੁਕਾਮ ਹਾਸਲ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜਿਥੇ ਨੌਜਵਾਨ ਵਰਗ ਨੂੰ ਅੱਗੇ ਆਉਣ ਲਈ ਕਿਹਾ, ਉਥੇ ਹੀ ਬੀਬੀਆਂ ਤੇ ਭੈਣਾਂ ਨੂੰ ਮਾਈ ਭਾਗੋ ਦੀ ਭੂਮਿਕਾ ਅਦਾ ਕਰਨ ਦੀ ਅਪੀਲ ਵੀ ਕੀਤੀ। ਉਹ ਅੱਜ ਇਥੇ ਅੱਜ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਯਾਦਗਾਰੀ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੂਖਨਿਵਾਰਨ ਕਲੋਨੀ ਪਟਿਆਲਾ ਵਿੱਚ ਖਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਵੱਲੋਂ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਮਿੰਦਰਪਾਲ ਸਿੰਘ (ਵਿੰਟੀ ਸੱਭਰਵਾਲ) ਦੀ ਅਗਵਾਈ ਹੇਠਾਂ ਉਨ੍ਹਾਂ ਦੇ ਸਨਮਾਨ ’ਚ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਧਾਰਮਿਕ ਖੇਤਰ ਦੀਆਂ ਵੱਖ-ਵੱਖ ਸੁਸਾਇਟੀਆਂ ਤੇ ਕਮੇਟੀਆਂ ਦੀ ਤਰਫ਼ੋਂ ਸੁਰਜੀਤ ਰੱਖੜਾ, ਸਤਵਿੰਦਰ ਟੌਹੜਾ, ਤੇਜਿੰਦਰਪਾਲ ਸੰਧੂ, ਬਾਬਾ ਮਨਮੋਹਨ ਸਿੰਘ ਬਾਰਨ, ਬਰਜਿੰਦਰ ਸਿੰਘ ਪਰਵਾਨਾ, ਵਿੰਟੀ ਸੱਭਰਵਾਲ ਤੇ ਹੋਰਾਂ ਨੇ ‘ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਇਸ ਮੌਕੇ ਬਰਜਿੰਦਰ ਸਿੰਘ ਪਰਵਾਨਾ, ਸਰਬਜੀਤ ਗੋਲਡੀ, ਕੁਲਦੀਪ ਸਿੰਘ ਖਾਲਸਾ, ਬਲਦੀਪ ਦੀਪ, ਐਡਵੋਕੇਟ ਭੁਪਿੰਦਰ ਸਿੰਘ, ਦਵਿੰਦਰ ਸ਼ੰਟੀ, ਗੁਰਵਿੰਦਰ ਬਿੰਦਰਾ, ਸੁਖਵਿੰਦਰ ਲੱਕੀ, ਰਣਜੀਤ ਚੰਢੋਕ, ਸੁਰਜੀਤ ਸਿੰਘ ਐੱਸਡੀਓ ਤੇ ਹਰਵਿੰਦਰਪਾਲ ਵਿੱਕੀ ਆਦਿ ਨੇ ਵੀ ਸ਼ਿਰਕਤ ਕੀਤੀ।