ਮੁੰਬਈ: ਸ਼ਿਵਸੇਨਾ ਦੇ ਮੈਗਜ਼ੀਨ ਸਾਮਨਾ ‘ਚ ਹਾਲ ਹੀ ‘ਚ ਐਨਡੀਏ ਛੱਡਣ ਵਾਲੇ ਅਕਾਲੀ ਦਲ ਬਾਰੇ ਲੇਖ ਲਿਖਿਆ ਹੈ। ਜਿਸ ‘ਚ ਸਪਸ਼ਟ ਲਿਖਿਆ ਕਿ ਐਨਡੀਏ ਦਾ ਆਖਰੀ ਸਤੰਬ ਵੀ ਲਾ ਗਿਆ ਹੈ ਤੇ ਰਾਸ਼ਟਰੀ ਪੱਧਰ ‘ਤੇ ਇਸ ਨਾਲ ਹਿੰਦੂਤਵ ਦੀ ਸਿਆਸਤ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਸਾਮਨਾ ਦੇ ਸੰਪਾਦਕੀ ‘ਚ ਕੀ ਕੁਝ ਲਿਖਿਆ ਹੈ?
ਪੰਜਾਬ ਦੇ ਅਕਾਲੀ ਦਲ ਨੇ ਵੀ ਐਨਡੀਏ ਅਰਥਾਤ ਰਾਸ਼ਟਰੀ ਗਠਜੋੜ ਛੱਡ ਦਿੱਤਾ ਹੈ। ਉਨ੍ਹਾਂ ਦਾ ਬੀਜੇਪੀ ਨਾਲ ਲੰਬੇ ਸਮੇਂ ਤੋਂ ਮੇਲ ਸੀ। ਪਰ ਹੁਣ ਟੁੱਟ ਗਿਆ। ਅਕਾਲੀ ਦਲ ਦੇ ਸਰਵਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਪਹਿਲਾਂ ਹੀ ਕਿਸਾਨਾਂ ਦੇ ਮੁੱਦਿਆਂ ਤੇ ਕੇਂਦਰੀ ਮੰਤਰੀਮੰਡਲ ਤੋਂ ਅਸਤੀਫਾ ਦੇ ਚੁੱਕੀ ਹੈ। ਚਲੋ ਚੰਗਾ ਹੋਇਆ ਪਿੱਛਾ ਛੁੱਟਿਆ ਦੀ ਤਰਜ਼ ‘ਤੇ ਉਨ੍ਹਾਂ ਦਾ ਅਸਤੀਫਾ ਤੁਰੰਤ ਸਵੀਕਾਰ ਕਰ ਲਿਆ।
ਉਨ੍ਹਾਂ ਨੂੰ ਲੱਗਾ ਸੀ ਕਿ ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ ਪਰੇਸ਼ਾਨ ਨਾ ਹੋਣ, ਅਜਿਹਾ ਕਦਮ ਨਾ ਚੁੱਕਣ ਪਰ ਅਜਿਹਾ ਕੁਝ ਨਹੀਂ ਹੋਇਆ। ਹੁਣ ਬੇਸ਼ੱਕ ਬਾਦਲਾਂ ਨੇ ਗਠਜੋੜ ਤੋੜ ਦਿੱਤਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਰੋਕਣ ਦਾ ਕੋਈ ਯਤਨ ਨਹੀਂ ਹੋਇਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ‘ਤੇ ਕਿਸਾਨਾਂ ਦੇ ਮੁੱਦਿਆਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਾਏ ਹਨ। ਕੇਂਦਰ ਸਰਕਾਰ ਨੇ ਖੇਤੀ ਬਿੱਲ ਜ਼ਬਰਦਸਤੀ ਪਾਸ ਕੀਤੇ ਹਨ। ਅਸੀਂ ਸਰਕਾਰ ਦਾ ਸਾਥੀ ਦਲ ਸੀ ਪਰ ਸਾਨੂੰ ਵਿਸ਼ਵਾਸ ‘ਚ ਨਹੀਂ ਲਿਆ ਗਿਆ। ਅਜਿਹਾ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ। ਆਖਿਰਕਾਰ ਅਕਾਲੀ ਦਲ ਨੂੰ ਐਨਡੀਏ ਦਾ ਸਾਥ ਛੱਡਣਾ ਪਿਆ।
ਬੀਜੇਪੀ ਨੇ ਇਕ ਪੁਰਾਣੇ ਤੇ ਸੱਚੇ ਸਹਿਯੋਗੀ ਦੇ ਛੱਡਣ ‘ਤੇ ਹੰਝੂਆਂ ਦੀ ਇਕ ਬੂੰਦ ਤਕ ਨਹੀਂ ਵਹਾਈ। ਹੁਣ ਅਕਾਲੀ ਦਲ ਬਾਹਰ ਹੋ ਗਿਆ ਹੈ। ਐਨਡੀਏ ‘ਚੋਂ ਦੋ ਮੁੱਖ ਸਤੰਭਾਂ ਦੇ ਬਾਹਰ ਹੋ ਜਾਣ ਨਾਲ ਕੀ ਅਸਲ ‘ਚ ਐਨਡੀਏ ਬਚਿਆ ਹੈ? ਇਹ ਸਵਾਲ ਬਣਿਆ ਹੋਇਆ ਹੈ। ਅੱਜ ਰਾਸ਼ਟਰੀ ਐਨਡੀਏ ‘ਚ ਕੌਣ ਹੈ? ਇਹ ਖੋਜ ਦਾ ਵਿਸ਼ਾ ਹੈ। ਜੋ ਹਨ ਉਨ੍ਹਾਂ ਦਾ ਹਿੰਦੂਤਵ ਨਾਲ ਕਿੰਨਾ ਸਬੰਧ ਹੈ? ਪੰਜਾਬ ਅਤੇ ਮਹਾਰਾਸ਼ਟਰ, ਦੋਵੇਂ ਮਰਦਾਨਾ ਤੇਵਰ ਵਾਲੇ ਸੂਬੇ ਹਨ। ਅਕਾਲੀ ਦਲ ਤੇ ਸ਼ਿਵਸੇਨਾ ਉਸ ਮਰਦਾਨਗੀ ਦਾ ਚਿਹਰਾ ਹਨ।
ਇਸ ਤੱਥ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਅੱਜ ਦੇਸ਼ ਦੀ ਸਿਆਸਤ ਨੂੰ ਇਕਤਰਫਾ ਸ਼ਾਸਨ ਵੱਲ ਧੱਕਿਆ ਜਾ ਰਿਹਾ ਹੈ। ਮਹਾਰਸ਼ਟਰ ‘ਚ ਸਥਿਤੀ ਇਹ ਹੈ ਕਿ ਸ਼ਿਵਸੇਨਾ-ਕਾਂਗਰਸ-ਐਨਸੀਪੀ ਸਰਕਾਰ ਚੰਗਾ ਕੰਮ ਕਰ ਰਹੀ ਹੈ ਅਤੇ ਸਰਕਾਰ ਪੰਜ ਸਾਲ ਚੱਲੇਗੀ। ਕੀ ਭਵਿੱਖ ‘ਚ ਦੇਸ਼ ਦੀ ਸਿਆਸਤ ‘ਚ ਉਥਲ-ਪੁਥਲ ਮਚਾਉਣ ਵਾਲਾ ਗਠਜੋੜ ਤਿਆਰ ਹੋਵੇਗਾ? ਇਸ ਦਾ ਟ੍ਰਾਇਲ ਸ਼ੁਰੂ ਹੋ ਰਿਹਾ ਹੈ। ਪਰ ਐਨਡੀਏ ਗਠਜੋੜ ‘ਚੋਂ ਸ਼ਿਵਸੇਨਾ ਤੋਂ ਬਾਅਦ ਅਕਾਲੀ ਦਲ ਦੇ ਬਾਹਰ ਹੋ ਜਾਣ ਨਾਲ ਕੌਮੀ ਸਿਆਸਤ ਬੇਸਵਾਦ ਹੋ ਗਈ ਹੈ।
ਕਾਂਗਰਸ ਅੱਜ ਵੀ ਇਕ ਵੱਡੀ ਪਾਰਟੀ ਹੈ। ਪਰ ਰਾਸ਼ਟਰੀ ਪੱਧਰ ‘ਤੇ ਚੋਣ ਜਿੱਤੇ ਬਿਨਾਂ ਸਿਆਸੀ ਮਹਾਨਤਾ ਸਾਬਤ ਨਹੀਂ ਹੁੰਦੀ। ਜਿਹੜੇ ਕਾਰਨਾਂ ਤੋਂ ਐਨਡੀਏ ਦੀ ਸਥਾਪਨਾ ਹੋਈ ਸੀ ਉਹ ਕਾਰਨ ਮੋਦੀ ਦੇ ਤੂਫਾਨ ‘ਚ ਤਬਾਹ ਹੋ ਗਏ। ਇਸ ਸੱਚ ਨੂੰ ਸਵੀਕਾਰ ਕਰਕੇ ਨਵਾਂ ਝੰਡਾ ਫਹਿਰਾਉਣਾ ਹੋਵੇਗਾ। ਫਿਲਹਾਲ ਐਨਡੀਏ ਦਾ ਆਖਰੀ ਸਤੰਬਰ ਅਕਾਲੀ ਦਲ ਵੀ ਹਟ ਗਿਆ ਹੈ ਕੌਮੀ ਪੱਧਰ ‘ਤੇ ਹਿੰਦੂਤਵ ਦੀ ਸਿਆਸਤ ਇਸ ਨਾਲ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਕੀ ਨਵਾਂ ਸੂਰਜ ਚੜ੍ਹੇਗਾ?