72.99 F
New York, US
November 8, 2024
PreetNama
ਖਾਸ-ਖਬਰਾਂ/Important News

‘ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ’ ਨੂੰ ਤਾਲੇ ਲਗਾਉਣ ਦੀ ਤਾਕ ‘ਚ ਪ੍ਰਬੰਧਕ!

ਇਕ ਪਾਸੇ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਕਈ ਪ੍ਰਕਾਰ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਸਿੱਖਿਆ ਦੇ ਮਿਆਰ ਨੂੰ ਡੇਗਣ ਵਾਸਤੇ ਕਈ ਨਾਮੀ ਸੰਸਥਾਵਾਂ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਤੋਂ ਨਕਾਰ ਰਹੀਆਂ ਹਨ। ਗੱਲ ਜੇਕਰ ਸੰਗਰੂਰ ਸਥਿਤ ‘ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ’ ਦੀ ਕਰੀਏ ਤਾਂ ਉਸ ਨੂੰ ਹੁਣ ਪ੍ਰਬੰਧਕ ਕਮੇਟੀ ਦੇ ਵਲੋਂ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ, ਜਿਸ ਦਾ ਚੌਹਾਂ ਪਾਸਿਆਂ ਤੋਂ ਵਿਰੋਧ ਹੋ ਰਿਹਾ ਹੈ। ਦੱਸ ਦਈਏ ਕਿ ਰਿਆਸਤੀ ਸ਼ਹਿਰ ਸੰਗਰੂਰ ਵਿਖੇ ਇਕਲੌਤੇ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਨੂੰ ਹੁਣ ਪ੍ਰਬੰਧਕ ਕਮੇਟੀ ਦੇ ਵਲੋਂ ਬੰਦ ਕਰਨ ਦੀ ਤਿਆਰੀ ਖਿੱਚ ਲਈ ਹੈ। ਦੂਜੇ ਪਾਸੇ ਕਾਲਜ ਦੇ ਚੇਅਰਮੈਨ ਕਰਨਬੀਰ ਸਿੰਘ ਸਿਬੀਆ ਦੇ ਵਲੋਂ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਕਾਲਜ ਵਿਚ ਆਰਟਸ ਦੀਆਂ ਕਲਾਸਾਂ ਵਿਚ ਦਾਖ਼ਲੇ ਘੱਟ ਹਨ, ਇਸ ਲਈ ਆਰਟਸ ਦੀ ਥਾਂ ਹੋਰ ਕਿੱਤਾ ਮੁਖੀ ਵਿਸ਼ਿਆਂ ਨੂੰ ਚਾਲੂ ਕਰਨ ਬਾਰੇ ਗੰਭੀਰਤਾਂ ਨਾਲ ਵਿਚਾਰ ਕੀਤੀ ਜਾ ਰਹੀ ਹੈ। ਕਾਲਜ ਮੁਖੀ ਨੇ ਕਿਹਾ ਕਿ ਕਲਾਸਾਂ ਚੱਲ ਰਹੀਆਂ ਹਨ ਸਿਰਫ ਆਰਟਸ ਸਟਰੀਮ ਦੇ ਦਾਖ਼ਲੇ ਬੰਦ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ. ਏ. ਭਾਗ-2 ਅਤੇ 3 ਵਿਚ ਪੜ੍ਹ ਰਹੀਆਂ ਲੜਕੀਆਂ ਦੀ ਡਿਗਰੀ ਮੁਕੰਮਲ ਕਰਵਾਈ ਜਾਵੇਗੀ। ਦੱਸਦੇ ਚੱਲੀਏ ਕਿ ਸੰਨ 1970 ਵਿਚ ਸਾਬਕਾ ਮੰਤਰੀ ਗੁਰਬਖਸ ਸਿੰਘ ਸਿਬੀਆ ਵਲੋਂ ਸੰਗਰੂਰ ਸ਼ਹਿਰ ਅੰਦਰ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ਮੁੱਖ ਰੱਖਦਿਆਂ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਇਸ ਕਾਲਜ ਦਾ ਨਿਰਮਾਣ ਕਰਵਾਇਆ ਗਿਆ ਸੀ। ਦੱਸ ਦਈਏ ਕਿ ਕਾਲਜ ਦੇ ਨਿਰਮਾਣ ਪਿੱਛੇ ਸੰਤਾਂ ਦੀ ਪ੍ਰੇਰਨਾ ਹੋਣ ਦੇ ਚੱਲਦਿਆਂ ਹੀ ਇਸ ਦਾ ਨਾਮ ਅਕਾਲ ਕਾਲਜ ਫ਼ਾਰ ਵੁਮੈਨ ਰੱਖਿਆ ਗਿਆ ਸੀ। ਇਥੇ ਦੱਸਣਯੋਗ ਗੱਲ ਇਹ ਹੈ ਕਿ ਜਿਸ ਵਿੱਦਿਆ ਬੂਟੇ ਨੂੰ ਬਾਪ ਗੁਰਬਖ਼ਸ਼ ਸਿੰਘ ਦੇ ਵਲੋਂ 50 ਸਾਲ ਪਹਿਲੋਂ ਲਗਾਇਆ ਗਿਆ ਸੀ, ਉਸੇ ਵਿੱਦਿਆ ਦੇ ਬੂਟੇ ਨੂੰ ਪੁੱਤ ਕਰਨਬੀਰ ਸਿੰਘ ਦੇ ਵਲੋਂ ਪੁੱਟਣ ਦੀ ਤਿਆਰੀ ਕਰ ਲਈ ਗਈ ਹੈ।

ਸਵਾਲ ਜਵਾਬ

ਜਦੋਂ ਕਾਲਜ ਨੂੰ ਬੰਦ ਕੀਤੇ ਜਾਣ ਦੀਆਂ ਚਰਚਾਵਾਂ ਦੇ ਸਬੰਧ ਵਿਚ ਕਾਲਜ ਦੇ ਚੇਅਰਮੈਨ ਕਰਨਬੀਰ ਸਿੰਘ ਦੇ ਨਾਲ ਅਸੀਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਕਾਲਜ ਦੇ ਵਿਚ ਸਿਰਫ਼ ਤੇ ਸਿਰਫ਼ ਆਰਟਸ ਸਟਰੀਮ ਨੂੰ ਹੀ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕਾਲਜ ਦੇ ਵਿਚ ਆਰਟਸ ਸਟਰੀਮ ਬੰਦ ਹੁੰਦੀ ਹੈ ਤਾਂ ਕਾਲਜ ਦੇ ਕਈ ਅਧਿਆਪਕ ਬੇਰੁਜ਼ਗਾਰ ਹੋ ਜਾਣਗੇ, ਜਦੋਂਕਿ ਪੰਜਾਬ ਦੇ ਅੰਦਰ ਤਾਂ ਬੇਰੁਜ਼ਗਾਰੀ ਦੇ ਵਿਚ ਅਥਾਹ ਵਾਧਾ ਹੋਇਆ ਪਿਆ ਹੈ। ਇਸ ਸਵਾਲ ਦਾ ਜਵਾਬ ਦਿੰਦਿਆ ਕਰਨਬੀਰ ਸਿੰਘ ਨੇ ਕਿਹਾ ਕਿ ਅਸੀਂ ਅਧਿਆਪਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਕੋਲ ਦੋ ਸਾਲ ਦਾ ਸਮਾਂ ਹੈ। ਅਗਲਾ ਸਵਾਲ ਕਰਨਬੀਰ ਸਿੰਘ ਨੂੰ ਕੀਤਾ ਗਿਆ ਕਿ ਤੁਹਾਡੇ ਕਾਲਜ ਵਿਚੋਂ ਹੀ ਪਿਛਲੇ ਡੇਢ ਦਹਾਕੇ ਪਹਿਲਾਂ ਸੇਵਾ ਮੁਕਤ ਹੋਣ ਦੇ ਬਾਵਜੂਦ ਵੀ ਸਾਬਕਾ ਪ੍ਰਿੰਸੀਪਲ ਹਰਜੀਤ ਕੌਰ ਨੂੰ ਕਾਲਜ ਦਾ ਡਾਇਰੈਕਟਰ ਬਣਾ ਕੇ ਹਰੇਕ ਮਹੀਨੇ ਲਗਪਗ 40 ਹਜ਼ਾਰ ਰੁਪਏ ਤਨਖ਼ਾਹ ਅਤੇ ਕਾਲਜ ਖ਼ਰਚੇ ‘ਤੇ ਹੋਰ ਐਸ਼ੋ ਆਰਾਮ ਦੀਆਂ ਸਾਰੀਆਂ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ, ਜਦੋਂਕਿ ਇਸ ਦਾ ਅਸਲ ਹੱਕਦਾਰ ਕਾਲਜ ਦਾ ਮੌਜੂਦਾ ਪ੍ਰਿੰਸੀਪਲ ਹੁੰਦਾ ਹੈ ਤਾਂ ਇਸ ਸਵਾਲ ਦਾ ਜਵਾਬ ਦਿੰਦਿਆ ਕਰਨਬੀਰ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਅਤੇ ਹਰਜੀਤ ਕੌਰ ਨੂੰ ਜੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਉਹ ਬਿਲਕੁਲ ਜਾਇਜ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੰਗਰੂਰ ਵਿਚ ਇਕ ਹੀ ‘ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ’ ਹੈ, ਜੇਕਰ ਉਹ ਹੀ ਬੰਦ ਹੋ ਗਿਆ ਤਾਂ ਲੜਕੀਆਂ ਵਿਚਾਰੀਆਂ ਕਿਹੜੇ ਪਾਸੇ ਜਾਣਗੀਆਂ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਵਿਦਿਆਰਥੀ ਘੱਟ ਹੋਣ ਦੇ ਕਾਰਨ ਹੀ ਉਹ ਬੰਦ ਕਰ ਰਹੇ ਹਨ। ਸਿਬੀਆ ਨੂੰ ਅਸੀਂ ਅਹਿਮ ਸਵਾਲ ਇਹ ਕੀਤਾ ਕਿ ਤੁਸੀਂ ਇਕ ਨਿੱਜੀ ਕਾਲਜ, ਜੋ ਪਹਿਲੋਂ ਹੀ ਬਣਿਆ ਹੋਇਆ ਹੈ, ਉਸ ਨੂੰ ਫਾਇੰਦਾ ਪਹੁੰਚਾਉਣ ਵਾਸਤੇ ਇਹ ਡਿਗਰੀ ਕਾਲਜ ਨੂੰ ਬੰਦ ਕਰਨ ਜਾ ਰਹੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਜਿਹਾ ਕੁਝ ਵੀ ਨਹੀਂ। ਮਤਲਬ ਕਿ ਹਰ ਸਵਾਲ ‘ਤੇ ਹੀ ਉਹ ਕਾਲਜ ਨੂੰ ਖੁੱਲ੍ਹਾ ਘੱਟ ਅਤੇ ਬੰਦ ਕਰਨ ਦੇ ਬਾਰੇ ਵਿਚ ਜ਼ਿਆਦਾ ਜਵਾਬ ਦਿੰਦੇ ਨਜ਼ਰੀ ਆਏ। ਸਵਾਲਾਂ ਦੇ ਦਿੱਤੇ ਜਵਾਬਾਂ ਤੋਂ ਪਤਾ ਲੱਗਦਾ ਹੈ ਕਿ ਕਰਨਬੀਰ ਸਿੰਘ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ ਤਾਂ ਹੀ ਉਹ ਗਰੀਬ ਘਰਾਂ ਦੀਆਂ ਬੱਚੀਆਂ ਕੋਲੋਂ ਵਿੱਦਿਆ ਖੋਹਣ ਦੀ ਤਿਆਰੀ ਕਰ ਰਿਹਾ ਹੈ। ਦੱਸ ਦਈਏ ਕਿ ਸਿਆਸਤਦਾਨ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਕਿ ਸਾਡੇ ਸਮਾਜ ਦੇ ਲੋਕ ਪੜਣ, ਕਿਉਂਕਿ ਜੇਕਰ ਸਮਾਜ ਪੜਿਆ ਲਿਖਿਆ ਹੋਵੇਗਾ ਤਾਂ ਨੇਤਾਵਾਂ ਨੂੰ ਸਵਾਲ ਕਰੇਗਾ, ਜੇਕਰ ਪੜਿਆ ਲਿਖਿਆ ਸਮਾਜ ਸਵਾਲ ਕਰੇਗਾ ਤਾਂ, ਨੇਤਾਵਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ, ਇਸ ਲਈ ਨੇਤਾ ਹਮੇਸ਼ਾਂ ਹੀ ਚਾਹੁੰਦੇ ਹਨ ਕਿ ਉਹ ਲੋਕਾਂ ਨੂੰ ਮੂਰਖ ਬਣਾ ਕੇ ਵਾਰ ਵਾਰ ਸੱਤਾ ਵਿਚ ਆਉਂਦੇ ਰਹਿਣ।

ਦੂਜੇ ਪਾਸੇ ਅਖ਼ਬਾਰਾਂ ਵਿਚ ਛਪੇ ਵੱਖ ਵੱਖ ਸਮਾਜ ਸੇਵੀਆਂ ਦੇ ਬਿਆਨਾਂ ਦੇ ਨਿਗਾਹ ਮਾਰੀਏ ਤਾਂ ਸਾਇੰਟਿਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾਕਟਰ ਏ.ਐਸ. ਮਾਨ, ਪ੍ਰੋ. ਸੰਤੋਖ ਕੌਰ, ਬਲਦੇਵ ਸਿੰਘ ਗੋਸਲ, ਸੇਵਾ ਮੁਕਤ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ, ਪ੍ਰੋ. ਸ਼ਵਿੰਦਰ ਕੌਰ, ਇੰਜ: ਪ੍ਰਵੀਨ ਬਾਂਸਲ ਅਤੇ ਓ.ਪੀ. ਅਰੋੜਾ ਸਣੇ ਹੋਰਨਾਂ ਪਤਵੰਤਿਆਂ ਨੇ ਮੰਗ ਕੀਤੀ ਕਿ ਲੜਕੀਆਂ ਦੀ ਸਿੱਖਿਆ ਲਈ ਸ਼ਹਿਰ ਦੇ ਇਕਲੌਤੇ ਕਾਲਜ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਡਾ. ਮਾਨ ਨੇ ਦੱਸਿਆ ਕਿ ਇਹ ਵੀ ਮੰਗ ਕੀਤੀ ਗਈ ਕਿ ਜੇਕਰ ਕਾਲਜ ਦੀ ਪ੍ਰਬੰਧਕ ਕਮੇਟੀ ਕਾਲਜ ਨੂੰ ਨਿਰੰਤਰ ਚਲਾਉਣ ਲਈ ਅਸਮਰਥਤਾ ਜ਼ਾਹਿਰ ਕਰ ਰਹੀ ਹੈ ਤਾਂ ਸਰਕਾਰ ਕਾਲਜ ਨੂੰ ਬੰਦ ਕਰਨ ਦੀ ਥਾਂ ਪ੍ਰਬੰਧਕ ਕਮੇਟੀ ਨੂੰ ਹੀ ਭੰਗ ਕਰ ਕੇ ਨਵੀਂ ਕਮੇਟੀ ਬਣਾਈ ਜਾਵੇ। ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਜੇਕਰ ਕਾਲਜ ਪ੍ਰਬੰਧਕ ਵਿੱਤੀ ਘਾਟਾ ਪੂਰਾ ਕਰਨ ਲਈ ਅਸਮਰਥ ਹਨ ਤਾਂ ਉਹ ਸ਼ਹਿਰ ਵਾਸੀਆਂ ਦੀ ਮਦਦ ਨਾਲ ਕਾਲਜ ਨੂੰ ਬਚਾਉਣ ਲਈ ਚੰਦਾ ਮੰਗਣ ਲਈ ਵੀ ਤਿਆਰ ਹਨ ਅਤੇ ਇਸ ਦੇ ਨਾਲ-ਨਾਲ ਜੇਕਰ ਲੋੜ ਪਈ ਤਾਂ ਆਪਣੀ ਜੇਬ ਵਿਚੋਂ ਵੀ ਕੁਝ ਵਿਦਿਆਰਥਣਾਂ ਦੀ ਪੜਾਈ ਦਾ ਖ਼ਰਚਾ ਭਰਨ ਤੋਂ ਪਿੱਛੇ ਨਹੀਂ ਹਟਣਗੇ। ਸੀਨੀਅਰ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਲਲਿਤ ਗਰਗ ਨੇ ਕਿਹਾ ਕਿ ਲੜਕੀਆਂ ਦੀ ਪੜਾਈ ਨੂੰ ਜਾਰੀ ਰੱਖਣ ਲਈ ਉਹ ਸਰਕਾਰੇ-ਦਰਬਾਰੇ ਝੋਲੀ ਅੱਡ ਕੇ ਗਰਾਂਟ ਮੰਗਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਾਲਜ ਲਈ ਕੁਝ ਨਹੀਂ ਕਰ ਸਕਦੀ ਤਾਂ ਉਹ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਧਿਆਨ ਵਿਚ ਇਹ ਮਾਮਲਾ ਲਿਆ ਕੇ ਕੇਂਦਰੀ ਸਹਾਇਤਾ ਲਈ ਵੀ ਯਤਨ ਕਰਨਗੇ। ਸੂਬਾਈ ਪੈਨਸ਼ਨਰ ਆਗੂ ਅਤੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਰਾਜ ਕੁਮਾਰ ਅਰੋੜਾ ਨੇ ਕਿਹਾ ਹੈ ਕਿ ਸਰਕਾਰ ਅਤੇ ਪ੍ਰਬੰਧਕ ਇਸ ਕਾਲਜ ਨੂੰ ਬੰਦ ਕਰਨ ਦਾ ਸੁਪਨਾ ਵੀ ਨਾ ਦੇਖਣ, ਕਿਉਂਕਿ ਇਹ ਸ਼ਹਿਰ ਦੀ ਇਕ ਪੁਰਾਣੀ ਅਤੇ ਨਾਮਵਰ ਵਿੱਦਿਅਕ ਸੰਸਥਾ ਹੈ, ਜਿਸ ਨੇ ਇਲਾਕੇ ਦੀਆਂ ਲੱਖਾਂ ਹੀ ਧੀਆਂ ਨੂੰ ਉਚੇਰੀ ਸਿੱਖਿਆ ਦੇ ਕੇ ਸਮਾਜ ਵਿਚ ਨਾਮਨਾ ਖੱਟਣ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਲਜ ਨੂੰ ਸੱਚ ਮੁਚ ਹੀ ਵਿਤੀ ਘਾਟਾ ਪੈ ਰਿਹਾ ਹੈ ਤਾਂ ਪ੍ਰਬੰਧਕ ਇਸ ਨੂੰ ਬੰਦ ਕਰਨ ਦੀ ਥਾਂ ਫ਼ੰਡਾਂ ਦਾ ਇੰਤਜ਼ਾਮ ਕਰਨ ਲਈ ਜ਼ੋਰ ਲਗਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਰਨਾਂ ਪਤਵੰਤਿਆਂ ਵਾਂਗ ਉਹ ਵੀ ਕਾਲਜ ਨੂੰ ਚਲਦਾ ਰੱਖਣ ਲਈ ਝੋਲੀ ਅੱਡ ਕੇ ਪੈਸੇ ਇਕੱਠੇ ਕਰਨ ਲਈ ਤਿਆਰ ਹਨ।

ਪੰਜਾਬ ਤੋਂ ਛਪਦੀ ਇਕ ਪੰਜਾਬੀ ਅਖ਼ਬਾਰ ਦੇ ਵਿਚ ਛਪੀ ਖ਼ਬਰ ਦੇ ਮੁਤਾਬਿਕ ”ਸੂਤਰ ਦੱਸਦੇ ਹਨ ਕਾਲਜ ਨੂੰ ਬੰਦ ਕਰਨ ਪਿੱਛੇ ਸਭ ਤੋਂ ਵੱਡਾ ਕਾਰਨ ਹੀ ਪਬਲਿਕ ਪ੍ਰੋਪਰਟੀ ਨੂੰ ਨਿੱਜੀ ਹੱਥਾਂ ਵਿਚ ਦੇਣਾ ਹੈ, ਕਿਉਂਕਿ ਕਾਲਜ ਬੰਦ ਕਰਨ ਦਾ ਮਤਾ ਵੀ ਪ੍ਰਬੰਧਕਾਂ ਵਲੋਂ ਚੁੱਪ-ਚੁਪੀਤੇ ਪਾਇਆ ਗਿਆ ਹੈ। ਜਾਣਕਾਰਾਂ ਮੁਤਾਬਿਕ ਕਾਲਜ ਨੂੰ ਹਾਲ ਹੀ ਵਿਚ ਯੂ.ਜੀ.ਸੀ. ਵਲੋਂ ਇਕ ਕਰੋੜ 70 ਲੱਖ ਰੁਪਏ ਦੀ ਸਹਾਇਤਾ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚੋਂ ਲਗਪਗ 70 ਲੱਖ ਰੁਪਏ ਦੀ ਰਾਸ਼ੀ ਕਾਲਜ ਪਾਸ ਪਹੁੰਚ ਵੀ ਚੁੱਕੀ ਹੈ। ਇਹ ਵੀ ਚਰਚਾਵਾਂ ਹਨ ਕਿ ਕਾਲਜ ਨੂੰ ਬੰਦ ਕਰਨ ਦੇ ਪਾਏ ਗਏ ਮਤੇ ਵਿਚ ਕਾਲਜ ਪ੍ਰਿੰਸੀਪਲ ਨੂੰ ਵੀ ਕੋਈ ਭਿਣਕ ਨਹੀਂ ਪੈਣ ਦਿੱਤੀ ਗਈ ਅਤੇ ਨਾ ਹੀ ਇਸ ਉੱਤੇ ਪ੍ਰਿੰਸੀਪਲ ਦੇ ਕੋਈ ਦਸਤਖ਼ਤ ਕਰਵਾਏ ਗਏ ਹਨ। ਇਨ੍ਹਾਂ ਸੂਤਰਾਂ ਦੀ ਮੰਨੀਏ ਤਾਂ ਵਿੱਤੀ ਘਾਟੇ ਦਾ ਰੌਲਾ ਪਾ ਰਹੇ ਪ੍ਰਬੰਧਕ ਖ਼ੁਦ ਹੀ ਕਾਲਜ ਦੇ ਖਜਾਨੇ ਨੂੰ ਚੂਨਾ ਲਗਾ ਰਹੇ ਹਨ, ਕਿਉਂਕਿ ਕਾਲਜ ਵਿਚ ਕੱਚੇ ਮੁਲਾਜ਼ਮਾਂ ਦੇ ਤੌਰ ਉੱਤੇ ਪੜ੍ਹਾ ਰਹੇ ਲਗਪਗ ਸਾਰੇ ਪ੍ਰੋਫ਼ੈਸਰਾਂ ਨਾਲੋਂ ਆਪਣੇ ਇਕ ਚਹੇਤੇ ਪ੍ਰੋਫ਼ੈਸਰ ਨੂੰ ਕਈ ਗੁਣਾਂ ਵੱਧ ਤਨਖ਼ਾਹ ਦੇ ਕੇ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਕਾਲਜ ਪ੍ਰਬੰਧਕਾਂ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਕਾਲਜ ਨੂੰ ਬੰਦ ਕਰਨ ਦੀਆਂ ਸਰਕਾਰੀ ਮਨਜ਼ੂਰੀਆਂ ਲਈ ਪੰਜਾਬ ਦੇ ਸ਼ਕਤੀਸਾਲੀ ‘ਮਹਿਲਾਂ’ ਦੀ ਤਾਕਤ ਵੀ ਵਰਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਹੀ ਸਾਰੇ ਸੰਬੰਧਿਤ ਸਰਕਾਰੀ ਕੰਮ ਬੜੀ ਤੇਜ਼ੀ ਨਾਲ ਚੁਪ ਚੁਪੀਤੇ ਹੋ ਰਹੇ ਹਨ।

ਦੂਜੇ ਪਾਸੇ ਸੰਗਰੂਰ ਦੇ 5 ਦਹਾਕੇ ਪੁਰਾਣੇ ਲੜਕੀਆਂ ਦੇ ਇਕਲੌਤੇ ਕਾਲਜ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਨੂੰ ਪ੍ਰਬੰਧਕ ਕਮੇਟੀ ਵਲੋਂ ਬੰਦ ਕੀਤੇ ਜਾਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਹੁਣ ਕਾਲਜ ਦੇ ਹੀ ਸੇਵਾ ਮੁਕਤ ਸਟਾਫ਼ ਨੇ ਮੋਰਚਾ ਖੋਲ੍ਹ ਦਿੱਤਾ ਹੈ। ਲੰਘੇ ਦਿਨ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਹਰਦਰਸ਼ਨ ਕੌਰ, ਸੇਵਾ ਮੁਕਤ ਪ੍ਰੋਫ਼ੈਸਰ ਮਨਜੀਤ ਕੌਰ, ਜਸਵਿੰਦਰ ਕੌਰ ਪੰਨੂ, ਜਤਿੰਦਰ ਕੌਰ, ਸ਼ਵਿੰਦਰ ਕੌਰ, ਕਰਮਜੀਤ ਕੌਰ ਤੇ ਪ੍ਰੋ. ਸੀਮਾ ਨੇ ਕਾਲਜ ਮਾਮਲੇ ਸੰਬੰਧੀ ਸੰਗਰੂਰ ਦੇ ਐੱਸ. ਡੀ. ਐੱਮ. ਬਬਨਦੀਪ ਸਿੰਘ ਵਾਲੀਆ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਂਅ ਇਕ ਮੰਗ ਪੱਤਰ ਸਾਪਦਿਆਂ ਮੰਗ ਕੀਤੀ ਕਿ ਕਾਲਜ ਪ੍ਰਬੰਧਕਾਂ ਵਲੋਂ ਆਪਣੇ ਨਿੱਜੀ ਮੁਫਾਦਾਂ ਨੂੰ ਲੈ ਕੇ ਅਤੇ ਮੌਜੂਦਾ ਪ੍ਰਿੰਸੀਪਲ ਨੂੰ ਭਜਾਉਣ ਦੀ ਨਿਯਤ ਨਾਲ ਕਾਲਜ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਦਕਿ ਬਹਾਨਾ ਵਿੱਤੀ ਘਾਟੇ ਦਾ ਲਗਾਇਆ ਜਾ ਰਿਹਾ ਹੈ। ਐੱਸ. ਡੀ. ਐੱਮ. ਵਾਲੀਆ ਨੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਮਸਲੇ ਨੂੰ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ। ਮੰਗ ਪੱਤਰ ਸਾਪਣ ਉਪਰੰਤ ਵਫ਼ਦ ਨੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਕਾਲਜ ਨੂੰ ਕਿਸੇ ਵੀ ਕੀਮਤ ਉੱਤੇ ਨਿੱਜੀ ਹੱਥਾਂ ਵਿਚ ਨਹੀਂ ਜਾਣ ਦੇਣਗੇ।

ਸੇਵਾ ਮੁਕਤ ਪ੍ਰੋਫ਼ੈਸਰਾਂ ਨੇ ਦੱਸਿਆ ਕਿ ਸਾਲ 1970 ਵਿਚ ਇਸ ਕਾਲਜ ਦੀ ਸਥਾਪਨਾ ਸਿਰਫ਼ ਲੜਕੀਆਂ ਨੂੰ ਸਿੱਖਿਅਤ ਕਰਨ ਦੇ ਮੰਤਵ ਤਹਿਤ ਕੀਤੀ ਗਈ ਸੀ ਤੇ ਕਾਲਜ ਦੇ ਪਹਿਲੇ ਪ੍ਰਿੰਸੀਪਲ ਵਜੋਂ ਅਮਰਜੀਤ ਕੌਰ ਨੇ ਅਹੁਦਾ ਸੰਭਾਲਿਆ ਅਤੇ ਫਿਰ 1971 ਵਿਚ ਸਵਰਾਜ ਕੌਰ ਪ੍ਰਿੰਸੀਪਲ ਬਣੇ, ਜਿਸ ਉਪਰੰਤ ਅੱਜ ਤੱਕ ਕਾਲਜ ਪ੍ਰਬੰਧਕ ਵਜੋਂ ਸਵਰਾਜ ਕੌਰ ਨਿਰੰਤਰ ਕੰਮ ਕਰ ਰਹੇ ਹਨ ਜਦਕਿ ਉਨ੍ਹਾਂ ਨੂੰ ਸੇਵਾ ਮੁਕਤ ਹੋਇਆ ਵੀ ਕਈ ਸਾਲਾਂ ਦਾ ਸਮਾਂ ਬੀਤ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਲਜ ਵਿਚ ਪਹਿਲੇ ਸਮਿਆਂ ਤੋਂ ਹੀ ਚੱਲ ਰਹੀਆਂ ਵੱਡੀਆਂ-ਵੱਡੀਆਂ ਧਾਂਦਲੀਆਂ ਵਿਚ ਜਦ ਮੌਜੂਦਾ ਪ੍ਰਿੰਸੀਪਲ ਵਲੋਂ ਹਿੱਸੇਦਾਰ ਬਣਨ ਤੋਂ ਪਾਸਾ ਵਟਿਆ ਗਿਆ ਤਾਂ ਪ੍ਰਬੰਧਕਾਂ ਨੇ ਇਸ ਪ੍ਰਿੰਸੀਪਲ ਨੂੰ ਇੱਥੋਂ ਭਜਾਉਣ ਦੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ, ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੱਦ ਗੱਲ ਬਣਦੀ ਨਾ ਦਿਖੀ ਤਾਂ ਪ੍ਰਬੰਧਕਾਂ ਨੇ ਕਾਲਜ ਬੰਦ ਕਰਨ ਦਾ ਹੀ ਫ਼ੈਸਲਾ ਕਰ ਲਿਆ।

ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਵਿਚੋਂ ਵੀ ਪਿਛਲੇ ਸਮਿਆਂ ਦੌਰਾਨ ਕੁੱਝ ਪ੍ਰੋਫ਼ੈਸਰਾਂ ਨੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ ਹਨ, ਪਰ ਉਸ ਸਮੇਂ ਪ੍ਰਿੰਸੀਪਲ ਦੀਆਂ ਸਾਰੀਆਂ ਤਾਕਤਾਂ ਪ੍ਰਬੰਧਕਾਂ ਵਲੋਂ ਆਪਣੀ ਮੁੱਠੀ ਵਿਚ ਰੱਖੀਆਂ ਹੋਈਆਂ ਸਨ, ਪਰ ਹੁਣ ਯੂਨੀਵਰਸਿਟੀ ਦੀ ਘੂਰੀ ਉਪਰੰਤ ਪ੍ਰਿੰਸੀਪਲ ਦੀਆਂ ਤਾਕਤਾਂ ਬਹਾਲ ਹੋਈਆਂ ਹਨ ਤਾਂ ਪ੍ਰਬੰਧਕ ਔਖੇ ਹਨ। ਪ੍ਰੋਫ਼ੈਸਰਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਪ੍ਰਿੰਸੀਪਲ ਤੋਂ ਪਹਿਲੇ ਪ੍ਰਿੰਸੀਪਲ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਕਾਲਜ ਨੂੰ ਯੂ. ਜੀ. ਸੀ. ਵਲੋਂ ਕੋਈ ਗਰਾਂਟ ਆਈ ਵੀ ਹੈ ਜਾਂ ਨਹੀਂ ਪਰ ਹੁਣ ਪ੍ਰਬੰਧਕਾਂ ਦੀਆਂ ਚੋਰ-ਮੋਰੀਆਂ ਤੋਂ ਪੜਦਾ ਉੱਠ ਚੁੱਕਾ ਹੈ ਅਤੇ ਲੱਖਾਂ-ਕਰੋੜਾਂ ਰੁਪਏ ਦੀਆਂ ਗਰਾਂਟਾਂ ਆਉਣ ‘ਤੇ ਗੱਲ ਜੱਗ ਜ਼ਾਹਿਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਲਜ ਦੇ ਫ਼ੰਡਾਂ ਨਾਲ ਬਣੇ ਸੰਸਥਾ ਦੇ ਬੀ.ਐੱਡ. ਕਾਲਜ ਅਤੇ ਨਰਸਿੰਗ ਕਾਲਜ ਦੀ ਜ਼ਮੀਨ ਨੂੰ ਵੀ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰੋਫ਼ੈਸਰਾਂ ਨੇ ਕਿਹਾ ਕਿ ਜੇਕਰ ਕਾਲਜ ਸੱਚਮੁੱਚ ਹੀ ਘਾਟੇ ਵਿਚ ਚੱਲ ਰਿਹਾ ਹੈ ਤਾਂ ਪ੍ਰਬੰਧਕ ਇਹ ਦੱਸਣ ਕਿ ਕਾਲਜ ਚੁਗਿਰਦੇ ਅੰਦਰ ਉਸਾਰੀ ਦਾ ਕੰਮ ਨਿਰੰਤਰ ਕਿਉਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰੋਫ਼ੈਸਰਾਂ ਦੀ ਅਣਥੱਕ ਮਿਹਨਤ ਅਤੇ ਲੋਕਾਂ ਦੀ ਮਦਦ ਨਾਲ ਪ੍ਰਫੁੱਲਿਤ ਹੋਏ ਇਸ ਕਾਲਜ ਨੂੰ ਤਾਲਾ ਲਗਾਉਣ ਦੀ ਚੱਲ ਰਹੀ ਸਾਜ਼ਿਸ਼ ਨੂੰ ਬੇਪਰਦਾ ਕਰ ਕੇ ਉਹ ਪੰਜਾਬ ਦੇ ਮੁੱਖ ਮੰਤਰੀ, ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਮੰਤਰੀ ਪੰਜਾਬ ਅਤੇ ਡੀ.ਪੀ.ਆਈ. ਕਾਲਜਾਂ ਨੂੰ ਵੀ ਲਿਖਤੀ ਪੱਤਰ ਭੇਜ ਰਹੇ ਹਨ ਅਤੇ ਜਲਦ ਹੀ ਉਨ੍ਹਾਂ ਦਾ ਇਕ ਵਫ਼ਦ ਡੀ.ਪੀ.ਆਈ. ਕਾਲਜਾਂ ਪੰਜਾਬ ਨਾਲ ਮੁਲਾਕਾਤ ਕਰ ਕੇ ਸਾਰੀ ਸਚਾਈ ਤੋਂ ਜਾਣੂ ਕਰਵਾਏਗਾ। ਉਨ੍ਹਾਂ ਮੰਗ ਕੀਤੀ ਕਿ ਕਾਲਜ ਵਿਚ ਵੱਡੇ ਪੱਧਰ ਉੱਤੇ ਹੋਏ ਘਪਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਕਾਲਜ ਨੂੰ ਚਲਦਾ ਰੱਖਣ ਵਿਚ ਅਸਮਰਥਤਾ ਜਤਾ ਰਹੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਬਣਾਈ ਜਾਵੇ। ਪ੍ਰੋਫੈਸਰਾਂ ਨੇ ਕਿਹਾ ਕਿ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕਾਲਜ ਪ੍ਰਬੰਧਕ ਬਾਕੀ ਵਿਰਾਸਤਾਂ ਸੰਭਾਲਣ ਦੀ ਥਾਂ ਪਹਿਲਾਂ 50 ਸਾਲ ਪੁਰਾਣੇ ਇਸ ਕਾਲਜ ਨੂੰ ਸੰਭਾਲਣ। ਉਨ੍ਹਾਂ ਕਿਹਾ ਕਿ ਇਕ ਪਾਸੇ ਇਹ ਲੋਕ ਵਿਰਾਸਤ ਦੇ ਨਾਂਅ ‘ਤੇ ਹਰੇਕ ਸਾਲ ਸਮਾਰੋਹ ਕਰਵਾ ਕੇ ਵਾਹ-ਵਾਹ ਖੱਟਦੇ ਹਨ ਅਤੇ ਦੂਸਰੇ ਪਾਸੇ ਲੜਕੀਆਂ ਦੇ ਇਕਲੌਤੇ ਕਾਲਜ ਨੂੰ ਤਾਲਾ ਮਾਰਨ ਲਈ ਉਤਾਵਲੇ ਹੋਏ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਤੋਂ ਇਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਵਿਰਾਸਤੀ ਮੇਲਿਆਂ ਦੇ ਨਾਂ ਹੇਠ ਸਿਰਫ਼ ਅਤੇ ਸਿਰਫ਼ ਖ਼ੁਦ ਨੂੰ ਚਮਕਾਉਣ ਅਤੇ ਰਾਜਨੀਤਕ ਉਲੂੱ ਸਿੱਧਾ ਕਰਨ ਦਾ ਮੰਤਵ ਹੁੰਦਾ ਹੈ।

Related posts

H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ

On Punjab

ਮਿਸ਼ੀਗਨ ਦੀ ਵੈਦੇਹੀ ਬਣੀ ਮਿਸ ਇੰਡੀਆ ਯੂਐੱਸਏ, ਭਾਰਤ ਦੀ ਮਿਸ ਵਰਲਡ ਰਹਿ ਚੁੱਕੀ ਡਾਇਨਾ ਹੇਡਨ ਸੀ ਮੁੱਖ ਮਹਿਮਾਨ

On Punjab

ਪੰਛਮੀ ਬੰਗਾਲ ‘ਚ ਆਰਟੀਕਲ 324, ਕੀ ਖਾਸ ਹੈ ਇਹ ਆਰਟੀਕਲ

On Punjab