ਵਾਸ਼ਿੰਗਟਨ-ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਦੇ ਨਵੇਂ ਵਿਕਾਸ ਅਨੁਮਾਨਾਂ ਅਨੁਸਾਰ ਅਪਰੈਲ 2025 ਤੋਂ ਅਗਲੇ ਦੋ ਵਿੱਤੀ ਸਾਲਾਂ ਲਈ ਭਾਰਤ ਦੀ ਆਰਥਿਕ ਵਿਕਾਸ ਦਰ 6.7 ਫੀਸਦ ਪ੍ਰਤੀ ਸਾਲ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ। ਵਿਸ਼ਵ ਬੈਂਕ ਨੇ ਬੀਤੇ ਦਿਨ ਕਿਹਾ ਕਿ ਵਿੱਤੀ ਸਾਲ 2025-26 ’ਚ ਦੱਖਣੀ ਏਸ਼ੀਆ ’ਚ ਵਿਕਾਸ ਦਰ 6.2 ਫੀਸਦ ਰਹਿਣ ਦੀ ਉਮੀਦ ਹੈ। ਇਸ ਵਿੱਚ ਭਾਰਤ ’ਚ ਮਜ਼ਬੂਤ ਵਿਕਾਸ ਹੋਣਾ ਵੀ ਸ਼ਾਮਲ ਹੈ। ਵਿਸ਼ਵ ਬੈਂਕ ਨੇ ਕਿਹਾ, ‘ਭਾਰਤ ’ਚ ਅਪਰੈਲ 2025 ਤੋਂ ਅਗਾਮੀ ਦੋ ਵਿੱਤੀ ਸਾਲਾਂ ’ਚ ਵਿਕਾਸ ਦਰ 6.7 ਫੀਸਦ ਪ੍ਰਤੀ ਸਾਲ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ।’ ਬੈਂਕ ਨੇ ਕਿਹਾ, ‘ਸੇਵਾ ਖੇਤਰ ’ਚ ਲਗਾਤਾਰ ਵਿਸਤਾਰ ਹੋਣ ਦੀ ਉਮੀਦ ਹੈ। ਨਿਰਮਾਣ ਗਤੀਵਿਧੀਆਂ ਮਜ਼ਬੂਤ ਹੋਣਗੀਆਂ ਜਿਸ ਨੂੰ ਕਾਰੋਬਾਰੀ ਮਾਹੌਲ ’ਚ ਸੁਧਾਰ ਲਈ ਸਰਕਾਰ ਦੀਆਂ ਤਰਜੀਹਾਂ ਦੀ ਹਮਾਇਤ ਹਾਸਲ ਹੋਵੇਗੀ। ਨਿਵੇਸ਼ ਵਿਕਾਸ ਸਥਿਰ ਰਹਿਣ ਦਾ ਅਨੁਮਾਨ ਹੈ ਅਤੇ ਨਿੱਜੀ ਨਿਵੇਸ਼ ’ਚ ਵਿਕਾਸ ਨਾਲ ਜਨਤਕ ਨਿਵੇਸ਼ ’ਚ ਨਰਮੀ ਆਵੇਗੀ।’
ਭਾਰਤ ਦੀ ਵਿਕਾਸ ਦਰ ਉਮੀਦ ਤੋਂ ਵੱਧ ਸੁਸਤ: ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਅੱਜ ਕਿਹਾ ਕਿ ਉਦਯੋਗਿਕ ਗਤੀਵਿਧੀਆਂ ਵਿੱਚ ਉਮੀਦ ਤੋਂ ਵੱਧ ਮੰਦੀ ਕਾਰਨ ਭਾਰਤ ਵਿੱਚ ਵਿਕਾਸ ਦਰ ਅਨੁਮਾਨ ਤੋਂ ਵੱਧ ਧੀਮੀ ਹੋ ਗਈ ਅਤੇ 2026 ਤੱਕ ਇਸ ਦੇ 6.5 ਫੀਸਦ ’ਤੇ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਆਈਐੱਮਐੱਫ ਨੇ ‘ਵਰਲਡ ਇਕਨਾਮਿਕ ਆਊਟਲੁੱਕ’ ਦੀ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ, ‘‘ਭਾਰਤ ਵਿੱਚ ਵਿਕਾਸ ਦਰ ਉਮੀਦ ਤੋਂ ਵੱਧ ਧੀਮੀ ਰਹੀ, ਜਿਸ ਦਾ ਕਾਰਨ ਉਦਯੋਗਿਕ ਗਤੀਵਿਧੀਆਂ ਵਿੱਚ ਉਮੀਦ ਤੋਂ ਵੱਧ ਗਿਰਾਵਟ ਹੈ।’’ ਇਸ ਮੁਤਾਬਕ ਆਲਮੀ ਅਰਥਚਾਰਾ ਸਥਿਰ ਬਣਿਆ ਹੋਇਆ ਹੈ। ਸਾਲ 2023 ਵਿੱਚ ਭਾਰਤ ਦੀ ਵਿਕਾਸ ਦਰ 8.2 ਫੀਸਦ ਸੀ ਜੋ 2024 ਵਿੱਚ ਘੱਟ 6.5 ਫੀਸਦ ’ਤੇ ਆ ਗਈ।