ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਨਵੇਂ ਇੰਟਰਨੈੱਟ ਮੀਡੀਆ ‘ਟਰੁੱਥ ਸੋਸ਼ਲ’ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ ਛੇ ਜਨਵਰੀ ਨੂੰ ਕੈਪੀਟਲ ਹਿੱਲ ਵਾਲੀ ਘਟਨਾ ਦਾ ਸਮਰਥਨ ਕਰਨ ’ਤੇ ਇੰਟਰਨੈੱਟ ਮੀਡੀਆ ਤੋਂ ਬਾਈਕਾਟ ਹੋਏ ਟਰੰਪ ਦਾ ਕਹਿਣਾ ਹੈ ਕਿ ਉਹ ਆਪਣੇ ਖ਼ੁਦ ਦੇ ਇੰਟਰਨੈੱਟ ਮੀਡੀਆ ਤੋਂ ਸੱਚਾਈ ਬਿਆਨ ਕਰਨਗੇ।
ਟਰੰਪ ਦੀ ਕੰਪਨੀ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ਨੇ ਆਪਣੀ ਮੁਕਾਬਲੇਬਾਜ਼ ਟੈੱਕ ਕੰਪਨੀਆਂ ਦੇ ਮੁਕਾਬਲੇ ’ਚ ‘ਟਰੁੱਥ ਸੋਸ਼ਲ’ ਐਪ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਹੈ। ਫੇਸਬੁੱਕ ਤੇ ਟਵਿੱਟਰ ਵਰਗੇ ਇੰਟਰਨੈੱਟ ਮੀਡੀਆ ਨੇ ਟਰੰਪ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਇਸ ਲਈ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾਣਾ ਗ਼ਲਤ ਹੈ ਤੇ ਉਨ੍ਹਾਂ ਨੂੰ ਨਾਮਨਜ਼ੂਰ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਰਹਿੰਦੇ ਹੋਏ ਕਿਹਾ ਸੀ ਕਿ ਅਸੀਂ ਅਜਿਹੀ ਦੁਨੀਆ ਵਿਚ ਰਹਿ ਰਹੇ ਹਾਂ ਜਿੱਥੇ ਤਾਲਿਬਾਨ ਨੂੰ ਟਵਿੱਟਰ ’ਤੇ ਵਿਆਪਕ ਥਾਂ ਮਿਲਦੀ ਹੈ ਪਰ ਅਮਰੀਕੀ ਰਾਸ਼ਟਰਪਤੀ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੀ ਹੋਈ ਹੈ। ਟਰੰਪ ਦੀ ਕੰਪਨੀ ਨੇ ਇਕ ਰਿਲੀਜ਼ ਜਾਰੀ ਕਰ ਕੇ ‘ਟਰੁੱਥ ਸੋਸ਼ਲ’ ਨੂੰ ਛੇਤੀ ਲਾਂਚ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਡਿਜੀਟਲ ਵਰਲਡ ਐਗਜ਼ੀਕਿਊਸ਼ਨ ਕਾਰਪ ਤੇ ਜਨਤਕ ਰੂਪ ਨਾਲ ਸੂਚੀਬੱਧ ਇਕ ਕੰਪਨੀ ਦੇ ਰਲੇਵੇਂ ਤੋਂ ਬਾਅਦ ਇਸ ਕੰਪਨੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਆਪਣੀ ਇਕ ਬਲਾਗ ਨੂੰ ਵੀ ਲਾਂਚ ਕਰ ਚੁੱਕੇ ਹਨ ਜਿਹਡ਼ੀ ਉਨ੍ਹਾਂ ਦੀ ਮੌਜੂਦਾ ਵੈੱਬਸਾਈਟ ਦਾ ਹਿੱਸਾ ਹੈ ਤੇ ਉਸ ਨੂੰ ਕੋਈ ਚਰਚਾ ਨਹੀਂ ਮਿਲੀ।
ਇਸ ਨਵੇਂ ਐਪ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਅਗਲੇ ਮਹੀਨੇ ਇਸਦਾ ਸਾਫ਼ਟ ਲਾਂਚ ਹੋਵੇਗਾ। ਫਿਰ ਅਗਲੇ ਸਾਲ ਇਸ ਨੂੰ ਪੂਰੇ ਅਮਰੀਕਾ ’ਚ ਧੂਮਧਾਮ ਨਾਲ ਲਾਂਚ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਉਹ ਵੀਡੀਓ ਆਨ ਡਿਮਾਂਡ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਵਿਚ ਐਂਟਰਟੇਨਮੈਂਟ ਪ੍ਰੋਗਰਾਮਿੰਗ ਦੇ ਨਾਲ ਸਮਾਚਾਰ ਤੇ ਪਾਡਕਾਸਟ ਵੀ ਹੋਣਗੇ।