Punjab Political Crisis ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਪਾਰਟੀ ਨੇ ਪੂਰੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਹੈ। ਪਾਰਟੀ ਅੰਦਰ ਸੀਨੀਅਰ ਜਨ ਅੰਬਿਕਾ ਸੋਨੀ, ਕੈਪਟਨ ਅਮਰਿੰਦਰ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰਿਆ, ਚਰਨਜੀਤ ਸਿੰਘ ਚੰਨੀ ਲੰਬੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ। ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੱਲ ਦਾ ਰਸਤਾ ਲੱਭਾਂਗਾ।
ਪੰਜਾਬ ਕਾਂਗਰਸ ’ਚ ਇਨ੍ਹੀਂ ਦਿਨੀਂ ਉਥਲ-ਪੁਥਲ ਮਚੀ ਹੋਈ ਹੈ, ਪਰ ਪ੍ਰਦੇਸ਼ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਥੇ ਪੈਦਾ ਹੋਏ ਵਿਵਾਦ ਨੂੰ ਗੰਭੀਰ ਨਹੀਂ ਮੰਨਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਆਪਣੀ ਗੱਲ ਰੱਖਣਾ ਅਤੇ ਨਾਰਾਜ਼ਗੀ ਜਾਹਰ ਕਰਨਾ ਬਗ਼ਾਵਤ ਦੀ ਸ਼੍ਰੇਣੀ ’ਚ ਨਹੀਂ ਆਉਂਦਾ। ਰਾਵਤ ਨੇ ਇਹ ਵੀ ਕਿਹਾ ਕਿ ਅਜਿਹਾ ਨਹੀਂ ਹੈ ਕਿ ਪਾਰਟੀ ਨੇ ਪੂਰੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਹੈ।
ਹਰੀਸ਼ ਰਾਵਤ ਨੇ ਦੱਸਿਆ ਕਿ ਨਾਰਾਜ ਮੰਤਰੀ ਅਤੇ ਵਿਧਾਇਕ ਬੀਤੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮਿਲੇ ਸੀ। ਉਸਤੋਂ ਬਾਅਦ ਉਨ੍ਹਾਂ ਨੇ ਮੈਨੂੰ ਮਿਲਣ ਲਈ ਸਮਾਂ ਮੰਗਿਆ। ਅੱਜ ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਹੱਲ ਦਾ ਰਸਤਾ ਤਲਾਸ਼ਣ ਦਾ ਯਤਨ ਕਰਾਂਗਾ।
ਮੇਰੇ ਖ਼ਿਲਾਫ਼ ਜਿਨ੍ਹਾਂ ਨੇ ਵਿਰੋਧ ਦਾ ਬਿਗੁਲ ਵਜਾਇਆ, ਉਨ੍ਹਾਂ ਪਿੱਛੇ ਇਕ ਸਸ਼ਕਤ ਪਾਰਟੀ ਦਾ ਸੀ ਹੱਥ
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ’ਚ ਹਰੀਸ਼ ਰਾਵਤ ਨੇ ਕਿਹਾ ਕਿ ਸਾਲ 2016 ’ਚ ਮੇਰੇ ਖ਼ਿਲਾਫ਼ ਜਿਨ੍ਹਾਂ ਵਿਧਾਇਕਾਂ ਨੇ ਵਿਰੋਧ ਦਾ ਬਿਗੁਲ ਵਜਾਇਆ, ਉਨ੍ਹਾਂ ਪਿਛੇ ਇਕ ਸਸ਼ਕਤ ਪਾਰਟੀ ਦਾ ਹੱਥ ਸੀ। ਪੰਜਾਬ ’ਚ ਸਥਿਤੀ ਅਜਿਹੀ ਨਹੀਂ ਹੈ, ਉਥੇ ਪਾਰਟੀ ਅੰਦਰ ਹੀ ਕੁਝ ਗੱਲਾਂ ਨੂੰ ਲੈ ਕੇ ਵਿਧਾਇਕ ਤੇ ਮੰਤਰੀਆਂ ’ਚ ਮਨ-ਮੁਟਾਅ ਹੈ। ਇਸਦਾ ਗੱਲਬਾਤ ਨਾਲ ਹੱਲ ਕੱਢ ਲਿਆ ਜਾਵੇਗਾ। ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਅੰਦਰ ਆਪਣੀ ਗੱਲ ਰੱਖਣਾ ਤੇ ਨਾਰਾਜ਼ਗੀ ਜਾਹਰ ਕਰਨਾ ਬਗ਼ਾਵਤ ਦੀ ਸ਼੍ਰੇਣੀ ’ਚ ਨਹੀਂ ਆਉਂਦਾ ਹੈ।