32.97 F
New York, US
February 23, 2025
PreetNama
ਖਬਰਾਂ/News

ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਘਰ ’ਚ ਚਾਕੂ ਨਾਲ ਹਮਲਾ

ਮੁੰਬਈ-ਇਥੇ ਬਾਂਦਰਾ ਇਲਾਕੇ ਵਿਚ ਅੱਜ ਵੱਡੇ ਤੜਕੇ ਅਣਪਛਾਤੇ ਨੇ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਦੇ ‘ਸਤਗੁਰੂ ਸ਼ਰਨ’ ਇਮਾਰਤ ਦੀ 12ਵੀਂ ਮੰਜ਼ਿਲ ਵਿਚਲੇ ਅਪਾਰਟਮੈਂਟ ਵਿਚ ਦਾਖ਼ਲ ਹੋ ਕੇ ਅਦਾਕਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਤੜਕੇ ਢਾਈ ਵਜੇ ਦੀ ਇਸ ਘਟਨਾ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਖ਼ਾਨ ਨੂੰ ਫੌਰੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਐਮਰਜੈਂਸੀ ਸਰਜਰੀ ਕੀਤੀ। ਡਾਕਟਰਾਂ ਮੁਤਾਬਕ ਖ਼ਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਦੌਰਾਨ ਸੈਫ ਦੇ ਘਰ ਕੰਮ ਕਰਦੀ ਮਹਿਲਾ ਨੇ ਪੁਲੀਸ ਥਾਣੇ ’ਚ ਦਰਜ ਐੱਫਆਈਆਰ ਵਿੱਚ ਹਮਲਾਵਰ ਵੱਲੋਂ ਇੱਕ ਕਰੋੜ ਰੁਪਏ ਮੰਗੇ ਜਾਣ ਦਾ ਦਾਅਵਾ ਕੀਤਾ ਹੈ। ਲੀਲਾਵਤੀ ਹਸਪਤਾਲ ਦੇ ਨਿਊਰੋ ਸਰਜਨ ਡਾ. ਨਿਤਿਨ ਡਾਂਗੇ ਨੇ ਕਿਹਾ ਕਿ ਚਾਕੂ ਨਾਲ ਕੀਤੇ ਹਮਲੇ ਕਰਕੇ ਖ਼ਾਨ ਦੀ ਛਾਤੀ ਦੇ ਬਿਲਕੁਲ ਪਿੱਛੇ ਰੀੜ ਦੀ ਹੱਡੀ ਉੱਤੇ ਗੰਭੀਰ ਸੱਟ ਲੱਗੀ।

ਡਾ. ਡਾਂਗੇ ਨੇ ਕਿਹਾ, ‘‘ਚਾਕੂ ਕੱਢਣ ਤੇ ਰੀੜ ਦੀ ਹੱਡੀ ਦੇ ਲੀਕ ਕਰਦੇ ਫਲੂਡ ਨੂੰ ਠੀਕ ਕਰਨ ਸਰਜਰੀ ਕਰਨੀ ਪਈ…ਖਾਨ ਦੀ ਹਾਲਤ ਬਿਲਕੁਲ ਸਥਿਰ ਹੈ। ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ। ਅਸੀਂ ਭਲਕੇ ਸਵੇਰੇ ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕਰ ਦੇਵਾਂਗੇ।’’ ਉਂਝ ਅਦਾਕਾਰ ਦੇ ਨੇੜਲਿਆਂ ਨੇ ਇਸ ਘਟਨਾ ਨੂੰ ‘ਚੋਰੀ ਦੀ ਕੋਸ਼ਿਸ਼’ ਦੱਸਿਆ ਹੈ ਹਾਲਾਂਕਿ ਪੁਲੀਸ ਨੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਦਿਨੇਂ ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉੱਤਾਮਨੀ ਨੇ ਬਿਆਨ ਵਿਚ ਕਿਹਾ ਸੀ ਕਿ ਅਣਪਛਾਤੇ ਨੇ ਖ਼ਾਨ ਦੇ ਬਾਂਦਰਾ ਸਥਿਰ ਘਰ ਵਿਚ ਉਸ ਉੱਤੇ ਹਮਲਾ ਕੀਤਾ ਤੇ ਅਦਾਕਾਰ ਨੂੰ ਤੜਕੇ ਸਾਢੇ ਤਿੰਨ ਵਜੇ ਹਸਪਤਾਲ ਲਿਆਂਦਾ ਗਿਆ। ਡਾ. ਉੱਤਾਮਨੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸੈਫ਼ ਦੇ ਸਰੀਰ ’ਤੇ ਚਾਕੂ ਦੇ ਛੇ ਵਾਰ ਸਨ ਤੇ ਇਨ੍ਹਾਂ ਵਿਚੋਂ ਦੋ ਬਹੁਤ ਡੂੰਘੇ ਸਨ। ਇਕ ਤਾਂ ਰੀੜ ਦੀ ਹੱਡੀ ਦੇ ਬਹੁਤ ਨੇੜੇ ਸੀ। ਨਿਊਰੋਸਰਜਨ ਡਾ. ਨਿਤਿਨ ਡਾਂਗੇ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ, ਜਿਸ ਵਿਚ ਕੌਸਮੈਟਿਕ ਸਰਜਨ ਡਾ. ਲੀਨਾ ਜੈਨ ਤੇ ਐਨਸਥੀਸੀਆ ਮਾਹਿਰ ਡਾ. ਨਿਸ਼ਾ ਗਾਂਧੀ ਸ਼ਾਮਲ ਸਨ, ਨੇ ਅਦਾਕਾਰ ਦੀ ਸਰਜਰੀ ਕੀਤੀ। ਉਨ੍ਹਾਂ ਕਿਹਾ, ‘‘ਅਦਾਕਾਰ ਦੇ ਛੇ ਜ਼ਖ਼ਮ ਸਨ, ਦੋ ਹਲਕੇ, ਦੋ ਦਰਮਿਆਨੇ ਤੇ ਦੋ ਬਹੁਤ ਡੂੰਘੇ ਸਨ। ਇਨ੍ਹਾਂ ਵਿਚੋਂ ਇਕ ਜ਼ਖ਼ਮ ਪਿੱਠ ਉੱਤੇ ਰੀੜ ਦੀ ਹੱਡੀ ਦੇ ਬਹੁਤ ਨੇੜੇ ਸੀ। ਇਸੇ ਕਰਕੇ ਸਰਜਰੀ ਦੌਰਾਨ ਨਿਊਰੋਸਰਜਨ ਵੀ ਮੌਜੂਦ ਸੀ।’’ ਖ਼ਾਨ ਦੇ ਗੁੱਟ ਦਾ ਜ਼ਖ਼ਮ ਵੀ ਡੂੰਘਾ ਹੈ।

ਖੱਬੇ ਹੱਥ ਦੇ ਇਸ ਜ਼ਖ਼ਮ ਲਈ ਪਲਾਸਟਿਕ ਸਰਜਨ ਦੀ ਲੋੜ ਪਏਗੀ। ਉਧਰ ਖ਼ਾਨ ਦੀ ਪਤਨੀ ਤੇ ਅਦਾਕਾਰਾ ਕਰੀਨਾ ਕਪੂਰ ਦੀ ਟੀਮ ਨੇ ਬਿਆਨ ਵਿਚ ਕਿਹਾ, ‘‘ਪਿਛਲੀ ਰਾਤ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਰਿਹਾਇਸ਼ ਉੱਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਸੈਫ਼ ਦੀ ਬਾਂਹ ਉੱਤੇ ਸੱਟ ਲੱਗੀ ਹੈ, ਜਿਸ ਕਰਕੇ ਉਹ ਹਸਪਤਾਲ ਵਿਚ ਹੈ। ਅਦਾਕਾਰ ਦਾ ਬਾਕੀ ਪਰਿਵਾਰ ਠੀਕ ਹੈ। ਅਸੀਂ ਮੀਡੀਆ ਤੇ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੰਜਮ ਨਾਲ ਕੰਮ ਲੈਣ ਤੇ ਕਿਸੇ ਤਰ੍ਹਾਂ ਦੀ ਅਫ਼ਵਾਹ ਫੈਲਾਉਣ ਤੋਂ ਬਚਣ ਕਿਉਂਕਿ ਪੁਲੀਸ ਆਪਣੀ ਜਾਂਚ ਕਰ ਰਹੀ ਹੈ।’’ਇਸ ਦੌਰਾਨ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਮੁਤਾਬਕ ਅਣਪਛਾਤਾ ਸੈਫ਼ ਅਲੀ ਖ਼ਾਨ ਦੇ ਅਪਾਰਟਮੈਂਟ ਵਿਚ ਦਾਖ਼ਲ ਹੋਇਆ ਤੇ ਇਸ ਦੌਰਾਨ ਦੋਵਾਂ ਵਿਚਾਲੇ ਖਿੱਚਧੂਹ ਹੋਈ। ਇਸ ਮੌਕੇ ਅਦਾਕਾਰ ਦੇ ਕੁਝ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਘਟਨਾ ਦਾ ਪਤਾ ਲੱਗਦੇ ਹੀ ਬਾਂਦਰਾ ਪੁਲੀਸ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਫ਼ਿਲਮੀ ਹਸਤੀਆਂ ਤੇ ਸਿਆਸਤਦਾਨਾਂ, ਜਿਨ੍ਹਾਂ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਤੇ ਚਿਰੰਜੀਵੀ ਸ਼ਾਮਲ ਹਨ, ਨੇ ਸੈਫ਼ ਅਲੀ ਖ਼ਾਨ ਉੱਤੇ ਘਰ ਵਿਚ ਹੀ ਹੋਏ ਹਮਲੇ ’ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਮੁੰਬਈ ਸ਼ਹਿਰ ਵਿਚ ਅਮਨ ਤੇ ਕਾਨੂੰਨ ਦੀ ਮੌਜੂਦਾ ਹਾਲਤ ਨੂੰ ਲੈ ਕੇ ਸਵਾਲ ਚੁੱਕੇ ਹਨ। ਬੈਨਰਜੀ ਤੇ ਕੇਜਰੀਵਾਲ ਨੇ ਆਪੋ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿਚ ਅਦਾਕਾਰ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨਾਨਾ ਪਟੋਲੇ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਅਮਨ ਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।

ਪੁਲੀਸ ਨੇ ਹਮਲਾਵਰ ਦੀ ਪੈੜ ਨੱਪੀ-ਪੁਲੀਸ ਨੇ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਲਗਾਤਾਰ ਛੇ ਵਾਰ ਕਰਨ ਵਾਲੇ ਅਣਪਛਾਤੇ ਹਮਲਾਵਰ ਦੀ ਪੈੜ ਨੱਪ ਲਈ ਹੈ ਤੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਦਸ ਟੀਮਾਂ ਬਣਾਈਆਂ ਗਈਆਂ ਹਨ। ਮੁੱਢਲੀ ਜਾਂਚ ਮੁਤਾਬਕ ਹਮਲਾਵਰ ਅਦਾਕਾਰ ਦੇ 12ਵੀਂ ਮੰਜ਼ਿਲ ਵਿਚਲੇ ਘਰ ਵਿਚ ਜਬਰੀ ਦਾਖ਼ਲ ਨਹੀਂ ਹੋਇਆ, ਪਰ ਉਸ ਵੱਲੋਂ ਵੱਡੇ ਤੜਕੇ ਘਰ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਹੈ। ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਹਮਲਾਵਰ ਇਸ ਘਟਨਾ ਮਗਰੋਂ ਪੌੜੀਆਂ ਰਾਹੀਂ ਫਰਾਰ ਹੋਇਆ। ਇਮਾਰਤ ਦੀ 6ਵੀਂ ਮੰਜ਼ਿਲ ’ਤੇ ਲੱਗੇ ਸੀਸੀਟੀਵੀ ਤੋਂ ਉਸ ਦੀਆਂ ਕੁਝ ਤਸਵੀਰਾਂ ਮਿਲੀਆਂ ਹਨ। ਪੁਲੀਸ ਮੁਤਾਬਕ ਖ਼ਾਨ ਦੇ ਘਰ ਵਿਚ ਕੰਮ ਕਰਦੀ ਮਹਿਲਾ ਨੇ ਰੌਲਾ ਪਾਇਆ ਤੇ ਖਿੱਚਧੂਹ ਦੌਰਾਨ ਉਸ ਦੇ ਵੀ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ।

Related posts

ਮੋਦੀ ਨੂੰ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਚੇਤੇ ਕਰਾਇਆ

On Punjab

ਦਿੱਲੀ ਸਰਕਾਰ ਨੇ ਕੈਗ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕਰਨ ਤੋਂ ਕਦਮ ਪਿੱਛੇ ਖਿੱਚੇ: ਹਾਈ ਕੋਰਟ

On Punjab

ਪਟਿਆਲਾ ਪੰਜਾਬ ਸਰਕਾਰ ਨੇ ਠੇਕੇਦਾਰਾਂ ਨੂੰ ਸਫ਼ਾਈ ਸੇਵਕਾਂ ਦੇ ਸ਼ੋਸ਼ਣ ਦੀ ਖੁੱਲ੍ਹ ਦਿੱਤੀ: ਵੈਂਕਟੇਸ਼ਨ

On Punjab