28.74 F
New York, US
January 10, 2025
PreetNama
ਫਿਲਮ-ਸੰਸਾਰ/Filmy

ਅਧਿਆਪਕ ਦਿਵਸ ’ਤੇ ਵਿਸ਼ੇਸ਼ : ਸਮਾਜ ਦਾ ਸਿਰਜਣਹਾਰ ਹੈ ਅਧਿਆਪਕ

ਵਿਸ਼ਵ ਦੇ ਹਰ ਸਮਾਜ ਅਤੇ ਦੇਸ਼ ਵਿੱਚ ਅਧਿਆਪਕ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਹਰ ਵਿਅਕਤੀ ਦੀ ਕਾਮਯਾਬੀ ਪਿੱਛੇ ਉਸਦੇ ਅਧਿਆਪਕ ਦਾ ਅਕੱਥ ਤੇ ਅਸੀਮ ਯੋਗਦਾਨ ਹੁੰਦਾ ਹੈ। ਅਧਿਆਪਕ ਆਪਣੇ ਵਿਦਿਆਰਥੀ ਦਾ ਦੋਸਤ, ਮਾਰਗ-ਦਰਸ਼ਕ, ਆਦਰਸ਼, ਸਲਾਹਕਾਰ ਤੇ ਦਾਰਸ਼ਨਿਕ ਹੁੰਦਾ ਹੈ ਜੋ ਜ਼ਿੰਦਗੀ ਜਿਉਣ ਦਾ ਤਰੀਕਾ, ਰਿਸ਼ਤਿਆਂ ਦੀ ਪਹਿਚਾਣ ਤੇ ਜੀਵਨ ਦੀ ਸੋਝੀ ਸਿਖਾਉਂਦਿਆਂ ਹਨੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। ਅਧਿਆਪਨ ਇੱਕ ਅਜਿਹਾ ਨੋਬਲ ਕਿੱਤਾ ਹੈ ਜੋ ‘ਨਾਲ਼ੇ ਪੁੰਨ ਨਾਲ਼ੇ ਫ਼ਲੀਆਂ’ ਅਖਾਣ ਵਾਂਗ ਆਪਣਾ ਫ਼ਰਜ਼ ਅਦਾ ਕਰਦਿਆਂ ਸਮਾਜ ਦੇ ਅਨੇਕਾਂ ਲੋਕਾਂ ਨੂੰ ਉਪਜੀਵਿਕਾ ਕਮਾਉਣ ਦੇ ਕਾਬਲ ਬਣਾ ਦਿੰਦਾ ਹੈ।ਅਧਿਆਪਕ ਅਜਿਹੇ ਸ਼ਿਲਪਕਾਰ ਦਾ ਕਾਰਜ ਕਰਦਾ ਹੈ ਜੋ ਆਪਣੇ ਹਰ ਸ਼ਗਿਰਦ ਦੀ ਪ੍ਰਤਿਭਾ ਨੂੰ ਪਹਿਚਾਣਦਾ , ਸੰਵਾਰਦਾ ਤੇ ਨਿਖਾਰਦਾ ਹੈ।

ਅਧਿਆਪਕ ਨੂੰ ਗੁਰੂ ਭਾਵ ਸਿੱਖਿਅਕ ਦਾ ਦਰਜਾ ਦਿੱਤਾ ਜਾਂਦਾ ਹੈ। ਗੁਰਬਾਣੀ ਦੇ ਅਨੁਸਾਰ ਵੀ ਗੁਰੂ ਤੋਂ ਬਿਨਾਂ ਗਿਆਨ ਹਾਸਿਲ ਨਹੀਂ ਹੁੰਦਾ।‘ਆਸਾ ਦੀ ਵਾਰ’ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ : –

ਕੁੰਭੇ ਬਧਾ ਜਲੁ ਰਹੈ ਜਲ ਬਿਨ ਕੁੰਭ ਨ ਹੋਇ।।

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।

ਵਿਸ਼ਵ ਦੇ ਲਗਭਗ ਹਰ ਦੇਸ਼ ਵਿੱਚ ਅਧਿਆਪਕ ਨੂੰ ਮਾਣ-ਸਨਮਾਨ, ਅਦਬ ਤੇ ਪਿਆਰ ਵਜੋਂ ਕੋਈ ਨਾ ਕੋਈ ਦਿਨ ਰਾਸ਼ਟਰੀ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਵਿੱਚ 5 ਸਤੰਬਰ ਨੂੰ ਡਾ. ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਉਹਨਾਂ ਦਾ ਜਨਮ 5 ਸਤੰਬਰ 1888 ਈ. ਨੂੰ ਗਰੀਬ ਪਰਿਵਾਰ ਵਿੱਚ ਹੋਇਆ। ਉਹ ਇੱਕ ਉੱਘੇ ਦਾਰਸ਼ਨਿਕ ਵਿਦਵਾਨ, ਰਾਜਨੀਤੀਵਾਨ ਤੇ ਮਹਾਨ ਅਧਿਆਪਕ ਸਨ। ਉਹ ਅਧਿਆਪਨ ਕਿੱਤੇ ਪ੍ਰਤੀ ਆਪਣੀ ਮਿਹਨਤ ਤੇ ਲਗਨ ਸਦਕਾ 20 ਸਾਲ ਦੀ ਉਮਰ ਵਿੱਚ ਹੀ ਮਦਰਾਸ ਪ੍ਰੈਜ਼ੀਡੈਂਸੀ ਕਾਲਜ ਵਿਖੇ ਫਿਲ਼ਾਸਫੀ ਵਿਭਾਗ ਦੇ ਪ੍ਰੋਫੈਸਰ ਬਣੇ। ਉਹਨਾਂ ਨੇ ਆਪਣੇ ਜੀਵਨ ਦੇ 40 ਸਾਲ ਅਧਿਆਪਨ ਕਿੱਤੇ ਵਿੱਚ ਲਗਾਏ ।ਉਹ ਆਪਣੇ ਵਿਦਿਆਰਥੀਆਂ ਵਿੱਚ ਆਪਣੇ ਗਿਆਨ ਕਰਕੇ ਹੀ ਪ੍ਰਸਿੱਧ ਨਹੀਂ ਸਨ ਸਗੋਂ ਆਪਣੇ ਪੜ੍ਹਾਉਣ ਦੇ ਸੌਖੇ ਤੇ ਕਾਰਗਰ ਢੰਗਾਂ ਕਰਕੇ ਵੀ ਜਾਣੇ ਜਾਂਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਸਹੀ ਸਿੱਖਿਆ ਹੀ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰ ਸਕਦੀ ਹੈ। ਉਹ ਸਿੱਖਿਆ ਦੇ ਖੇਤਰ ਵਿੱਚ ਤੇ ਅਧਿਆਪਕ ਤੇ ਵਿਦਿਆਰਥੀ ਦੇ ਸੰਬੰਧਾਂ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਨਾ ਕੇਵਲ ਆਦਰਸ਼ ਅਧਿਆਪਕ ਤੇ ਉੱਤਮ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਸ਼ੋਹਰਤ ਹਾਸਲ ਕੀਤੀ ,ਬਲਕਿ ਆਪਣੀ ਲਿਆਕਤ ਤੇ ਵਿਵੇਕ ਬਦੌਲਤ 1952 ਈ: ਵਿੱਚ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ 1962 ਈ: ਵਿੱਚ ਦੂਜੇ ਰਾਸ਼ਟਰਪਤੀ ਬਣੇ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਹਨਾਂ ਨੂੰ ਚਾਹੁਣ ਵਾਲ਼ਿਆਂ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਆਗਿਆ ਮੰਗੀ ਤਾਂ ਉਹਨਾਂ ਨੇ ਆਪਣਾ ਜਨਮ-ਦਿਨ ‘ਅਧਿਆਪਕ ਦਿਵਸ’ ਦੇ ਤੌਰ ’ਤੇ ਮਨਾਉਣ ਦੀ ਪ੍ਰਵਾਨਗੀ ਦੇ ਦਿੱਤੀ। 1967 ਤੋਂ ਹਰ ਸਾਲ 5 ਸਤੰਬਰ ਸਮੁੱਚੇ ਭਾਰਤ ਵਿੱਚ ‘ਅਧਿਆਪਕ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਡਾ. ਰਾਧਾ ਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੋਸ਼ਨ ਦਿਮਾਗ ਵਿਅਕਤੀ ਹੁੰਦੇ ਹਨ। ਗਿਆਨ ਵਿਹੂਣੇ ਸਮਾਜ ਦੀ ਦਿਸ਼ਾਹੀਣ ਊਰਜਾ ਨੂੰ ਵਿੱਦਿਆ ਰਾਹੀਂ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਮੂਲ ਮਨੋਰਥ ਹੁੰਦਾ ਹੈ।

ਡਾ. ਰਾਧਾ ਕ੍ਰਿਸ਼ਨਨ ਨੂੰ 1954 ਈ: ਵਿੱਚ ਦੇਸ਼ ਦੇ ਸਰਵਉੱਚ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ “ਸਰ” ਦਾ ਖਿਤਾਬ, ਬ੍ਰਿਟਿਸ਼ ਆਰਡਰ ਆਫ ਮੈਰਿਟ, ਜਰਮਨ ਪੁਸਤਕ ਟਰੇਡ ਸ਼ਾਂਤੀ ਪੁਰਸਕਾਰ ਆਦਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ਼ ਨਿਵਾਜਿਆ ਗਿਆ।

ਕਿਸੇ ਵੀ ਰਾਸ਼ਟਰ ਦੇ ਅਸਲੀ ਨਿਰਮਾਤਾ ਅਧਿਆਪਕ ਹੁੰਦੇ ਹਨ। ਇੱਕ ਬੱਚਾ 3-4 ਸਾਲ ਦੀ ਉਮਰ ਵਿੱਚ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ। ਇਸ ਸਮੇਂ ਬੱਚੇ ਦਾ ਮਨ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਇਸ ਕੋਰੇ ਕਾਗਜ਼ ਰੂਪੀ ਮਨ ਉੱਪਰ ਇੱਕ ਅਧਿਆਪਕ ਦੁਆਰਾ ਸਿੱਖਿਆ ਦੇ ਮਾਧਿਅਮ ਰਾਹੀਂ ਦਿੱਤੇ ਗਏ ਸੰਸਕਾਰ ਉਸਦੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਿਸ ਤਰ੍ਹਾਂ ਇੱਕ ਸ਼ਿਲਪਕਾਰ ਕਿਸੇ ਵੀ ਪੱਥਰ ਨੂੰ ਤਰਾਸ਼ ਕੇ ਇੱਕ ਨਵੀਂ ਆਕ੍ਰਿਤੀ ਵਿੱਚ ਬਦਲ ਦਿੰਦਾ ਹੈ। ਇਸ ਤਰ੍ਹਾਂ ਹੀ ਇੱਕ ਘੁਮਿਆਰ ਗਿੱਲੀ ਮਿੱਟੀ ਨੂੰ ਸਹੀ ਰੂਪ ਪ੍ਰਦਾਨ ਕਰਕੇ ਬਰਤਨ ਬਣਾੳਂਦਾ ਹੈ।ਇਸ ਤਰ੍ਹਾਂ ਹੀ ਇੱਕ ਅਧਿਆਪਕ ਵੀ ਇੱਕ ਸ਼ਿਲਪਕਾਰ ਤੇ ਘੁਮਿਆਰ ਦੀ ਤਰ੍ਹਾਂ ਬੱਚੇ ਰੂਪੀ ਆਕ੍ਰਿਤੀ ਨੂੰ ਇਸ ਤਰ੍ਹਾਂ ਸੰਵਾਰਦਾ ਤੇ ਸਜਾਉਂਦਾ ਹੈ ਤਾਂ ਜੋ ਉਸ ਅਧਿਆਪਕ ਦੁਆਰਾ ਪੜ੍ਹਾਏ ਗਏ ਵਿਦਿਆਰਥੀ ਸਮਾਜ ਨੂੰ ਗਿਆਨ ਰੂਪੀ ਪ੍ਰਕਾਸ਼ ਵੰਡ ਸਕਣ।

ਪ੍ਰਸਿੱਧ ਸਮਾਜ ਸ਼ਾਸਤਰੀ ਇਮਾਨੀਲ ਤੁਰਾਖਾਇਨ ਅਨੁਸਾਰ ‘ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹਨ ।ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀ ਪੀੜ੍ਹੀ ਹੋਵੇਗੀ ,ਜਿਸ ਤਰ੍ਹਾਂ ਦੀ ਪੀੜ੍ਹੀ ਹੋਵੇਗੀ ਉਸ ਤਰ੍ਹਾਂ ਦੀ ਸੱਭਿਅਤਾ ਹੋਵੇਗੀ। ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਿਤ ਕਰਨੀ ਹੈ ਤਾਂ ਸਾਨੂੰ ਚੰਗੀ ਅਧਿਆਪਕ ਪ੍ਰਣਾਲੀ ਬਣਾਉਣ ਦੀ ਲੋੜ ਹੈ।’ ਜਿੱਥੇ ਅਸੀਂ ਬੱਚੇ ਨੂੰ ਇੱਕ ਚੰਗਾ ਇੰਜੀਨੀਅਰ ,ਵਕੀਲ,ਜੱਜ ਬਣਾਉਣ ਬਾਰੇ ਸੋਚਦੇ ਹਾਂ, ੳੁੱਥੇ ਸਭ ਤੋਂ ਪਹਿਲਾਂ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਅਹੁਦੇ ਨਾਲ ਇਨਸਾਫ਼ ਕਰ ਸਕੇ। ਚੰਗਾ ਇਨਸਾਨ ਬਣਾਉਣ ਲਈ ਵਿਦਿਆਰਥੀ ਨੂੰ ਨੈਤਿਕ ਸਿੱਖਿਆ ਦੇਣੀ ਬਹੁਤ ਜ਼ਰੂਰੀ ਬਣ ਗਈ ਹੈ ਕਿਉਂਕਿ ਅਜੋਕੀ ਪੀੜ੍ਹੀ ਵਿੱਚੋਂ ਕਦਰਾਂ-ਕੀਮਤਾਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ।ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀ ਵਿੱਦਿਆ ਤੇ ਉਹਨਾਂ ਦੁਆਰਾ ਪ੍ਰਾਪਤ ਕੀਤੀਆਂ ਨੈਤਿਕ ਕਦਰਾਂ ਕੀਮਤਾਂ ਉਹਨਾਂ ਨੂੰ ਸਮਾਜ ਵਿੱਚ ਆਪਣੇ ਪੈਰਾਂ ’ਤੇ ਖੜਨਾ ਸਿਖਾਉਂਦੀਆਂ ਹਨ। ਇਹਨਾਂ ਗੁਣਾਂ ਨੂੰ ਵਿਦਿਆਰਥੀਆਂ ਵਿੱਚ ਮੁੜ ਕਾਇਮ ਕਰਨਾ ਇੱਕ ਅਧਿਆਪਕ ਦੇ ਹਿੱਸੇ ਹੀ ਆ ਸਕਦਾ ਹੈ।

ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਦੇ ਦਿਲਾਂ ’ਤੇ ਰਾਜ ਕਰਦਾ ਹੈ। ਅਧਿਆਪਕ ਦੀ ਪਹਿਲੀ ਤਰਜੀਹ ਆਪਣੇ ਵਿਦਿਆਰਥੀ ਦੀ ਆਦਰਸ਼ ਤੇ ਆਚਰਨ ਉਸਾਰੀ ਹੁੰਦੀ ਹੈ। ਉਹ ਹਰ ਕਲਾਸ ਦੇ ਕਮਜ਼ੋਰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਦਿੜ੍ਰਤਾ ਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਕਾਬਲ ਬਣਾਉਂਦਾ ਹੈ। ਅਜਿਹਾ ਅਧਿਆਪਕ ਹੀ ਅਸਲ ਵਿੱਚ ਆਦਰਸ਼ ਅਧਿਆਪਕ ਕਹਾਉਣ ਦਾ ਹੱਕਦਾਰ ਹੁੰਦਾ ਹੈ।ਇੱਕ ਆਦਰਸ਼ ਅਧਿਆਪਕ ਨੂੰ ਸਮਾਜ ਦਾ ਸਿਰਜਕ ਕਿਹਾ ਜਾਂਦਾ ਹੈ ਕਿਉਂਕਿ ਉਹ ਹੀ ਵਿਦਿਆਰਥੀਆਂ ਨੂੰ ਚੰਗੀ ਜ਼ਿੰਦਗੀ ਜਿਉਣ ਦੇ ਕਾਬਲ ਬਣਾਉਂਦਾ ਹੈ।

ਅਧਿਆਪਕ ਦਾ ਆਪਣੇ ਵਿਸ਼ੇ ਵਿੱਚ ਮਾਹਰ ਹੋਣਾ ਅਤੇ ਲਗਾਤਾਰ ਨਵਾਂ ਗਿਆਨ ਹਾਸਲ ਕਰਦੇ ਰਹਿਣਾ ਵੀ ਜ਼ਰੂਰੀ ਹੈ। ਕਹਿਣ ਤੋਂ ਭਾਵ ਇੱਕ ਵਧੀਆ ਅਧਿਆਪਕ ਸਾਰੀ ਉਮਰ ਇੱਕ ਵਿਦਿਆਰਥੀ ਬਣਿਆ ਰਹਿੰਦਾ ਹੈ ਤੇ ਹਮੇਸ਼ਾ ਗਿਆਨ ਦੀ ਤਾਂਘ ਤੇ ਭੁੱਖ ਰੱਖਦਾ ਹੈ ਤਾਂ ਜੋ ਵਿਦਿਆਰਥੀ ਇਹ ਨਾ ਸੋਚਣ ਕਿ ਸਾਡੇ ਅਧਿਆਪਕ ਦਾ ਗਿਆਨ ਭੰਡਾਰ ਨਾਕਾਫ਼ੀ ਹੈ ਅਤੇ ਸਮੇਂ ਦਾ ਹਾਣੀ ਨਹੀਂ ਹੈ। ਅਧਿਆਪਕ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ। ਉਹ ਪੂਰੀ ਜ਼ਿੰਦਗੀ ਗਿਆਨ ਹਾਸਲ ਕਰਦਾ ਤੇ ਵੰਡਦਾ ਰਹਿੰਦਾ ਹੈ ਜੇ ਅਧਿਆਪਕ ਆਪ ਮਿਹਨਤੀ ਹੋਵੇ ਤਾਂ ਹੀ ਉਹ ਆਪਣੇ ਵਿਦਿਆਰਥੀਆਂ ਨੂੰ ਮਿਹਨਤ ਕਰਵਾ ਸਕਦਾ ਹੈ। ਇੱਕ ਨਿਸ਼ਠਾਵਾਨ, ਕਰਮਸ਼ੀਲ ਤੇ ਜ਼ਿੰਮੇਵਾਰ ਅਧਿਆਪਕ ਹੀ ਆਪਣੇ ਗਿਆਨ ਦੇ ਤਜ਼ਰਬੇ ਰਾਹੀਂ ਵਿਦਿਆਰਥੀਆਂ ਦਾ ਉਚਿਤ ਮਾਰਗ ਦਰਸ਼ਨ ਕਰਦਾ ਹੈ। ਵਰਤਮਾਨ ਵਿਦਿਆਰਥੀਆਂ ਦੇ ਮਨੋਵਿਗਿਆਨ ਤੇ ਉਸਦੇ ਮੌਜੂਦਾ ਹਲਾਤਾਂ ਨੂੰ ਸਮਝਣਾ ਇੱਕ ਅਧਿਆਪਕ ਲਈ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਾਹਿਤ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਤਾਬਾਂ ਹੀ ਵਿਦਿਆਰਥੀ ਨੂੰ ਜੀਵਨ ਜਾਂਚ ਸਿਖਾਉਂਦੀਆਂ ਹਨ।

ਬਾਲੀਵੁੱਡ ਨੇ ਕੁਝ ਫ਼ਿਲਮਾਂ ਬਣਾਈਆਂ ਹਨ ਜਿਵੇਂ ਕਿ ਤਾਰੇ ਜ਼ਮੀਨ ਪਰ, ਪਾਠਸ਼ਾਲਾ, ਆਕਰਸ਼ਣ , ਸੁਪਰ 30 ਆਦਿ। ਇਹਨਾਂ ਫਿਲਮਾਂ ਵਿੱਚ ਇੱਕ ਵਧੀਆ ਅਧਿਆਪਕ ਦੇ ਚੰਗੇ ਰੋਲ ਨੂੰ ਦਿਖਾਇਆ ਗਿਆ ਹੈ ਜੋ ਵਿਦਿਆਰਥੀ ਦਾ ਜੀਵਨ ਬਦਲ ਦਿੰਦਾ ਹੈ।

ਮੌਜੂਦਾ ਸਮੇਂ ਵਿੱਚ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਨਿਘਾਰ ਆ ਰਿਹਾ ਹੈ ਜਿਸ ਦੇ ਸਮਾਜਿਕ, ਵਾਤਾਵਰਨਿਕ ਤੇ ਹੋਰ ਬਹੁਤ ਸਾਰੇ ਕਾਰਨ ਹਨ।ਸਾਨੂੰ ਇਹਨਾਂ ਕਾਰਨਾਂ ਨੂੰ ਨਾ ਕੇਵਲ ਤਲਾਸ਼ਣ ਦੀ ਲੋੜ ਹੈ ਬਲਕਿ ਅਧਿਆਪਕ ਦੇ ਮਾਣ-ਸਨਮਾਨ ਤੇ ਅਦਬ-ਸਤਿਕਾਰ ਨੂੰ ਬਹਾਲ ਕਰਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਸਾਡੇ ਵੱਲੋਂ ਅਧਿਆਪਕ ਦਿਵਸ ਮਨਾਉਣਾ ਸਫ਼ਲ ਸਿੱਧ ਹੋਵੇਗਾ।

Related posts

ਫਿਰ ਆਏਗਾ ‘ਜੱਗਾ ਜੱਟ’, ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ ‘ਰੌਬਿਨਹੁੱਡ’ ਦੀ ਕਹਾਣੀ

On Punjab

Pamela Anderson ਨੇ 5ਵੀਂ ਵਾਰ ਕਰਵਾਇਆ ਵਿਆਹ, ਲਾਕਡਾਊਨ ’ਚ ਬਾਡੀਗਾਰਡ ਨਾਲ ਹੋਇਆ ਸੀ ਪਿਆਰ

On Punjab

Bigg Boss OTT ਦੇ ਘਰ ‘ਚ ਇਨ੍ਹਾਂ ਦੋ ਸੈਲੀਬ੍ਰਿਟੀਜ਼ ਨਾਲ ਜਾਣਾ ਚਾਹੁੰਦੇ ਹਨ ਕਰਨ ਜੌਹਰ, ਬੋਲੇ-ਇਨ੍ਹਾਂ ਦਾ ਸਾਥ ਫੋਨ ਦੇ ਬਿਨਾਂ ਵੀ ਮਜ਼ੇਦਾਰ ਹੋਵੇਗਾ

On Punjab