ਸਿਡਨੀ-ਲੰਘੇ ਹਫਤੇ ਆਸਟਰੇਲੀਆ ਰਹਿੰਦੇ ਬਟਾਲਾ ਨਾਲ ਜੁੜਦੇ ਪਿਛੋਕੜ ਵਾਲੇ ਪੰਜਾਬੀ ਨੌਜੁਆਨ ਤੇ ਕ੍ਰਿਕਟ ਖਿਡਾਰੀ ਅਨਮੋਲ ਸਿੰਘ ਬਾਜਵਾ (36) ਦੇ ਹੋਏ ਕਤਲ ਦੇ ਮਾਮਲੇ ਵਿਚ ਅਨਮੋਲ ਦੇ ਵੱਡੇ ਭਰਾ ਨੇ ਭਰਾ ਦੀ ਹੱਤਿਆ ਵਿੱਚ ਸ਼ਾਮਲ ਸਾਜ਼ਿਸ਼ ਘਾੜਿਆਂ ਨੂੰ ਫੜਨ ਦੀ ਮੰਗ ਪੁਲੀਸ ਕੋਲ ਉਭਾਰੀ ਹੈ। ਪੁਲੀਸ ਹੁਣ ਉਸ ਥਿਊਰੀ ’ਤੇ ਵੀ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਕਤਲ ਦੀ ਗੁੱਥੀ ਸੁਲਝਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਪੁਲੀਸ ਵਲੋਂ ਮੁੱਖ ਮੁਲਜ਼ਮ ਇਸ਼ਟਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੇ ਫ਼ੋਨ ਤੋਂ ਡਾਇਲ ਹੋਏ ਨੰਬਰਾਂ ’ਤੇ ਸੰਪਰਕ ਕਰ ਕੇ ਕਤਲ ਦੀਆਂ ਤੰਦਾਂ ਜੋੜੀਆਂ ਜਾ ਰਹੀਆਂ ਹਨ। ਅਨਮੋਲ ਤੇ ਇਸ਼ਟਪਾਲ ਪੰਜਾਬ ਦੇ ਬਟਾਲਾ ਖੇਤਰ ਨਾਲ ਸਬੰਧਤ ਹਨ।
ਅਨਮੋਲ ਦੇ ਵੱਡੇ ਭਰਾ ਅਮਨਦੀਪ ਸਿੰਘ ਨੇ ਭਰੇ ਮਨ ਨਾਲ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਸ ਦਾ ਵੀਰ ਆਪਣੇ ਨਾਮ ਵਾਂਗ ਹੀ ‘ਅਨਮੋਲ ਹੀਰਾ’ ਸੀ। ਉਹ ਵਿਦਿਆਰਥੀ ਵੀਜ਼ੇ ’ਤੇ 2008 ’ਚ ਆਸਟਰੇਲੀਆ ਆਇਆ ਤੇ ਪੱਕਾ ਹੋਇਆ ਸੀ। ਉਚੇਰੀ ਵਿੱਦਿਆ ਹਾਸਲ ਕਰਦਿਆਂ ਹੀ ਉਸ ਨੇ ਕ੍ਰਿਕਟ ਕਲੱਬ ਬਣਾ ਕੇ ਚੰਗੇ ਖਿਡਾਰੀ ਵਜੋਂ ਪਛਾਣ ਬਣਾ ਲਈ ਸੀ।
ਉਹ ਆਪਣੇ ਬੱਚਿਆਂ ਬੇਟੀ 6 ਸਾਲ ਤੇ ਬੇਟਾ 3 ਸਾਲ ਨੂੰ ਪੰਜਾਬੀ ਮਾਤ ਭਾਸ਼ਾ ਨਾਲ ਜੋੜੇ ਰੱਖਣ ਵਾਲਾ ਸੂਝਵਾਨ ਪਿਤਾ ਸੀ। ਕਈ ਵਾਰ ਪੰਜਾਬ ਪਰਤ ਜਾਣ ਦੀ ਗੱਲ ਕਰਦਾ ਹੁੰਦਾ ਸੀ।
ਕਰੀਬ ਸਵਾ ਛੇ ਫੁੱਟੇ ਅਨਮੋਲ ਦੀ ਹੱਤਿਆ ਲਈ ਤੇਜ਼ਧਾਰ ਹਥਿਆਰ ਵਰਤਿਆ ਗਿਆ। ਕਾਤਲ ਨੇ ਉਸਦੇ ਆਖ਼ਰੀ ਸਾਹ ਲੈਣ ਤੋਂ ਬਾਅਦ ਉਸਦੇ ਚਿਹਰੇ ਅਤੇ ਸਿਰ ’ਤੇ ਵਾਰ ਕਰ ਕੇ ਉਸ ਦੀ ਪਛਾਣ ਲੁਕੋਣ ਦੇ ਯਤਨ ਵੀ ਕੀਤੇ। ਵੱਡੇ ਭਰਾ ਦਾ ਕਹਿਣਾ ਹੈ ਕਿ ਹੱਤਿਆ ਬਹੁਤ ਗਿਣ-ਮਿਥ ਕੇ ਕੀਤੀ ਗਈ ਹੈ ਅਤੇ ਇਹ ਸਾਜ਼ਿਸ਼ ਕਈ ਹੋਰਾਂ ਵੱਲੋਂ ਵੀ ਰਚੀ ਗਈ ਹੋਵੇਗੀ, ਜਿਨ੍ਹਾਂ ਨੂੰ ਫੜਨਾ ਜ਼ਰੂਰੀ ਹੈ।