ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ ਸਭ ਤੋਂ ਵੱਡਾ ਬਦਲਾਅ ਇਹ ਦੇਖਣ ਨੂੰ ਮਿਲਿਆ ਕਿ ਹਰਜੀਤ ਸਿੰਘ ਸੱਜਣ ਤੋਂ ਡਿਫੈਂਸ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ। ਹੁਣ ਅਨੀਤਾ ਆਨੰਦ ਕੈਨੇਡਾ ਦੇ ਡਿਫੈਂਸ ਮਨਿਸਟਰ ਹੋਣਗੇ। ਅਨੀਤਾ ਆਨੰਦ ਨੇ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣ ਕੇ ਇਤਿਹਾਸ ਰਚਿਆ ਹੈ।
ਨਵੇਂ ਮੰਤਰੀ ਮੰਡਲ ‘ਚ 6 ਮਹਿਲਾ ਮੰਤਰੀਆਂ ‘ਚੋਂ 3 ਭਾਰਤੀ ਮੂਲ ਦੀਆਂ ਕੈਨੇਡੀਅਨ ਔਰਤਾਂ ਸ਼ਾਮਲ ਹਨ। ਅਨੀਤਾ ਆਨੰਦ ਤੋਂ ਇਲਾਵਾ ਬਰੈਂਪਟਨ ਤੋਂ ਸੰਸਦ ਮੈਂਬਰ 32 ਸਾਲਾ ਕਮਲ ਖਹਿਰਾ ਨੇ ਸੀਨੀਅਰ ਨਾਗਰਿਕਾਂ ਲਈ ਮੰਤਰੀ ਵਜੋਂ ਹਲਫ਼ ਲਿਆ। ਹਰਜੀਤ ਸਿੰਘ ਸੱਜਣ ਤੋਂ ਡਿਫੈਂਸ ਮੰਤਰਾਲਾ ਵਾਪਸ ਲੈਕੇ ਘੱਟ ਅਹਿਮੀਅਤ ਵਾਲਾ ਮੰਤਰਾਲਾ ਸੌਂਪ ਦਿੱਤਾ ਗਿਆ ਹੈ। ਸੱਜਣ ਹੁਣ ਕੌਮਾਂਤਰੀ ਮਾਮਲਿਆਂ ਦੇ ਮੰਤਰੀ ਹੋਣਗੇ।
ਅਨੀਤਾ ਆਨੰਦ ਕੈਨੇਡਾ ਦੇ ਇਤਿਹਾਸ ‘ਚ ਦੂਜੀ ਰੱਖਿਆ ਮੰਤਰੀ ਬਣੀ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਕੈਨੇਡਾ ਦੇ ਰੱਖਿਆ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹੋਣ ਵਾਲੀ ਇੱਕੋ ਇਕ ਮਹਿਲਾ ਸੀ। ਅਨੀਤਾ ਦਾ ਜਨਮ 1967 ‘ਚ ਹੋਇਆ ਸੀ। ਉਨਾਂ ਦੇ ਮਾਪੇ ਡਾਕਟਰੀ ਕਿੱਤੇ ਨਾਲ ਸਬੰਧਤ ਹਨ।
ਦੱਸ ਦੇਈਏ ਕਿ ਵਰਜੀਤ ਸਿੰਘ ਸੱਜਣ ਫੌਜ ‘ਚ ਯੌਨ ਸ਼ੋਸ਼ਣ ਦੇ ਮਾਮਲਿਆਂ ਨੂੰ ਠੀਕ ਤਰਾਂ ਠੱਲ ਨਹੀਂ ਪਾ ਸਕੇ। ਇਸ ਕਾਰਨ ਹੀ ਮੰਨਿਆ ਜਾ ਰਿਹਾ ਕਿ ਉਨਾਂ ਤੋਂ ਰੱਖਿਆ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ। ਟਰੂਡੋ ਦੀ ਪਾਰਟੀ ਲਿਬਰਲ ਨੂੰ ਕਰੀਬ ਇਕ ਮਹੀਨਾ ਹੋ ਗਿਆ ਮੁੜ ਸੱਤਾ ‘ਤੇ ਦੁਬਾਰਾ ਬਿਰਾਜਮਾਨ ਹੋਈ ਹੈ।
ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਚੋਣਾਂ ਚ ਜਿੱਤ ਹਾਸਲ ਕੀਤੀ ਸੀ। ਪਰ ਪਾਰਟੀ ਬਹੁਮਤ ਤੋਂ ਦੂਰ ਰਹੀ ਸੀ। ਟਰੂਡੋ ਨੇ 2015 ਦੀਆਂ ਚੋਣਾਂ ਵਿੱਚ ਆਪਣੇ ਮਰਹੂਮ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਪ੍ਰਸਿੱਧੀ ਦਾ ਸਹਾਰਾ ਲੈਕੇ ਚੋਣ ਜਿੱਤੀ ਸੀ। ਫਿਰ ਪਿਛਲੀਆਂ ਦੋ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਆਪਣੇ ਦਮ ‘ਤੇ ਪਾਰਟੀ ਨੂੰ ਜਿੱਤ ਦਿਵਾਈ ਸੀ।
ਵਿਰੋਧੀ ਧਿਰ ਟਰੂਡੋ ‘ਤੇ ਆਪਣੇ ਲਾਭ ਲਈ ਸਮੇਂ ਤੋਂ ਦੋ ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਦੋਸ਼ ਲਾਉਂਦੀ ਰਹੀ ਹੈ। ਟਰੂਡੋ ਨੇ ਦਾਅਵਾ ਕੀਤਾ ਕਿ ਕੈਨੇਡੀਅਨ ਮਹਾਂਮਾਰੀ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਚਾਹੁੰਦੇ। ਕੈਨੇਡਾ ਇਸ ਸਮੇਂ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਹੁਤੇ ਨਾਗਰਿਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ।