lashkar terrorists killed: ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜ਼ਿਲਾ ਅਨੰਤਨਾਗ ਦੀ ਬਿੱਜਬੀਹਾੜਾ ਤਹਿਸੀਲ ਦੇ ਨੈਨਾ ਸੰਗਮ ਖੇਤਰ ਵਿੱਚ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਦੁਆਰਾ ਦੋ ਲਸ਼ਕਰ ਅੱਤਵਾਦੀ ਮਾਰੇ ਗਏ ਹਨ। ਲਸ਼ਕਰ-ਏ-ਤੋਇਬਾ ਨਾਲ ਜੁੜੇ ਇਨ੍ਹਾਂ ਦੋਵਾਂ ਸਥਾਨਕ ਅੱਤਵਾਦੀਆਂ ਦੀ ਪਛਾਣ ਨਵੀਦ ਅਹਿਮਦ ਭੱਟ ਪੁੱਤਰ ਅਲੀ ਮੁਹੰਮਦ ਭੱਟ ਨਿਵਾਸੀ ਕਹੀਮ ਕੁਲਗਾਮ ਅਤੇ ਅਕੀਬ ਅਹਿਮਦ ਭੱਟ ਪੁੱਤਰ ਅਹਿਮਦ ਯਾਸੀਨ ਭੱਟ ਨਿਵਾਸੀ ਬਾਮਪੋਰਾ ਸ਼ਿਮਸੀਪੋਰਾ ਬਿੱਜਬੀਹਾੜਾ ਵਜੋਂ ਹੋਈ ਹੈ।
ਸੰਗਮ ਖੇਤਰ ਵਿੱਚ ਹੋਏ ਇਸ ਮੁਕਾਬਲੇ ‘ਚ ਸੁਰੱਖਿਆ ਬਲਾਂ ਨੂੰ ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਮਿਲਿਆ ਹੈ। ਅਜਿਹੀ ਸਥਿਤੀ ਵਿੱਚ ਇਹ ਖਦਸ਼ਾ ਹੈ ਕਿ ਇਹ ਅੱਤਵਾਦੀ ਇੱਕ ਖ਼ਤਰਨਾਕ ਸਾਜਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਦਰਅਸਲ, ਸਰਚ ਅਭਿਆਨ ਦੌਰਾਨ ਸੀ.ਆਰ.ਪੀ.ਐਫ ਨੂੰ ਸੂਚਨਾ ਮਿਲੀ ਕਿ ਕੁਝ ਅੱਤਵਾਦੀ ਸੰਗਮ ਖੇਤਰ ਵਿੱਚ ਲੁਕੇ ਹੋਏ ਹਨ। ਕਾਰਵਾਈ ਦੌਰਾਨ ਅੱਤਵਾਦੀਆ ਵਲੋਂ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ ਗਈ। ਇਸ ਦੇ ਜਵਾਬ ਵਿੱਚ ਸੁਰੱਖਿਆ ਬਲਾਂ ਨੇ ਵੀ ਅੱਤਵਾਦੀਆਂ ‘ਤੇ ਫਾਇਰਿੰਗ ਕੀਤੀ। ਇਸ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਮਾਰੇ ਗਏ।
ਇਸ ਤੋਂ ਇੱਕ ਦਿਨ ਪਹਿਲਾਂ ਕਸ਼ਮੀਰ ਦੇ ਕੁਪਵਾੜਾ ਵਿੱਚ ਕੰਟਰੋਲ ਰੇਖਾ ਐਲ.ਓ.ਸੀ ‘ਤੇ ਤਾਇਨਾਤ ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਲਈ ਪਾਕਿਸਤਾਨੀ ਫੌਜ ਨੂੰ ਕਰਾਰਾ ਜਵਾਬ ਦਿੱਤਾ ਸੀ। ਫੌਜ ਨੇ ਗੁਲਾਮ ਕਸ਼ਮੀਰ ਦੇ ਅਥਮੁਕਮ ਵਿਖੇ ਪਾਕਿਸਤਾਨ ਦੇ ਬ੍ਰਿਗੇਡ ਅਤੇ ਵਿਸ਼ੇਸ਼ ਸੁਰੱਖਿਆ ਸਮੂਹ (ਐਸ.ਐਸ.ਜੀ) ਦੇ ਮੁੱਖ ਦਫਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਭਾਰਤੀ ਕਾਰਵਾਈ ਵਿੱਚ ਪੰਜ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਅਤੇ ਸੱਤ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਪਾਕਿਸਤਾਨ ਫੌਜ ਨੇ ਫਿਲਹਾਲ ਆਪਣੇ ਇੱਕ ਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਗੋਲੀਬਾਰੀ ਦੇ ਸਮੇਂ ਅੱਤਵਾਦੀਆਂ ਦੀ ਇੱਕ ਟੁਕੜੀ ਨੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਹੋ ਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ।