ਅਫਗਾਨਿਸਤਾਨ ਦੇ ਪਕਤੀਆ ‘ਚ ਤਾਲਿਬਾਨ ਨੇ ਇਕ ਸੰਗੀਤਕਾਰ ਦੇ ਮਿਊਜ਼ੀਕਲ ਇੰਸਟਰੂਮੈਂਟ ਨੂੰ ਅੱਗ ਲਾ ਦਿੱਤੀ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਸੰਗੀਤਕਾਰ ਆਪਣੇ ਸੰਗੀਤਕ ਮਿਊਜ਼ਿਕਲ ਇੰਸਟੂਮੈਂਟ ਨੂੰ ਸੜਦੇ ਦੇਖ ਕੇ ਰੋਂਦਾ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਅਬਦੁੱਲਹਕ ਓਮੇਰੀ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿਚ ਬੰਦੂਕ ਵਾਲਾ ਇਕ ਵਿਅਕਤੀ ਸੰਗੀਤਕਾਰ ‘ਤੇ ਹੱਸਦੇ ਹੋਏ ਦਿਖਾਇਆ ਗਿਆ ਹੈ ਜਦੋਂਕਿ ਇਕ ਹੋਰ ਉਸਦੀ ‘ਤਰਸਯੋਗ ਹਾਲਤ’ ਦੀ ਵੀਡੀਓ ਬਣਾ ਰਿਹਾ ਹੈ।
ਦੱਸ ਦਈਏ ਕਿ ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਕ ਤਾਲਿਬਾਨ ਕਈ ਚੀਜ਼ਾ ਤੇ ਰੋਕ ਲਗਾ ਚੁੱਕਾ ਹੈ। ਅਕਤੂਬਰ ਵਿਚ ਇਕ ਹੋਟਲ ਮਾਲਕ ਨੇ ਨਿਊਜ਼ ਏਜੰਸੀ ਸਪੁਤਨਿਕ ਨੂੰ ਦੱਸਿਆ ਕਿ ਸੰਗਠਨ ਨੇ ਵਿਆਹਾਂ ‘ਚ ਲਾਈਵ ਸੰਗੀਤ ‘ਤੇ ਪਾਬੰਦੀ ਲਗਾ ਦਿੱਤੀ ਸੀ ਤੇ ਮਰਦਾਂ ਤੇ ਔਰਤਾਂ ਨੂੰ ਵੱਖਰੇ ਹਾਲਾਂ ‘ਚ ਜਸ਼ਨ ਮਨਾਉਣ ਦਾ ਆਦੇਸ਼ ਦਿੱਤਾ ਸੀ।
ਅਫਗਾਨ ਮੀਡੀਆ ਦੇ ਹਵਾਲੇ ਨਾਲ ਸਪੁਤਨਿਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਹੇਰਾਤ ਸੂਬੇ ‘ਚ ਕੱਪੜਿਆ ਦੀ ਦੁਕਾਨ ਦੇ ਪੁਤਲਿਆਂ ਦੇ ਸਿਰ ਕੱਟਣ ਦੇ ਆਦੇਸ਼ ਦਿੱਤੇ ਹਨ। ਤਾਲਿਬਾਨ ਦਾ ਕਹਿਣਾ ਹੈ ਕਿ ਇਹ ਸ਼ਰੀਆ ਕਾਨੂੰਨ ਦੀ ਉਲੰਘਣਾ ਹੈ। ਅਜਿਹੀਆਂ ਘਟਨਾਵਾਂ ਦੇ ਨਿਸ਼ਾਨ ਕਾਬੁਲ ਦੀਆਂ ਸੜਕਾਂ ‘ਤੇ ਮੁੜ ਦੇਖਣ ਨੂੰ ਮਿਲ ਰਹੇ ਹਨ।
ਤਾਲਿਬਾਨ ਦੇ ਵਾਈਸ ਆਫ ਪ੍ਰੀਵੈਂਸ਼ਨ ਮੰਤਰਾਲੇ ਨੇ ਅਫਗਾਨਿਸਤਾਨ ਦੇ ਟੀਵੀ ਚੈਨਲਾਂ, ਨਾਟਕਾਂ ਤੇ ਸੋਪ ਓਪੇਰਾ ਨੂੰ ਔਰਤਾਂ ਨੂੰ ਦਿਖਾਉਣ ਤੋਂ ਰੋਕਣ ਲਈ ਧਾਰਮਿਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਹਾਲਾਂਕਿ ਸੰਗਠਨ ਨੇ ਕਿਹਾ ਕਿ ਇਹ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਇਤਿਹਾਸ ਨੇ ਦਿਖਾਇਆ ਹੈ ਕਿ ਸਮੂਹ ਦੇਸ਼ ਵਿਚ ਕੱਟੜਪੰਥੀ ਸ਼ਰੀਆ ਕਾਨੂੰਨ ਦੇ ਆਪਣੇ ਅਡੀਸ਼ਨ ਨੂੰ ਲਾਗੂ ਕਰਨ ਲਈ ਵਚਨਬੱਧ ਹੈ।