ਦੱਖਣੀ ਅਫ਼ਗ਼ਾਨਿਸਤਾਨ ‘ਚ ਇਕ ਵਾਹਨ ਵਿੱਚ ਹੋਏ ਧਮਾਕੇ ਦੀ ਲਪੇਟ ‘ਚ ਆਉਣ ਨਾਲ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਏਐਫਪੀ ਨੂੰ ਦੱਸਿਆ ਕਿ ਇਹ ਬੰਬ ਤਾਲਿਬਾਨ ਨੇ ਲਗਾਇਆ ਸੀ।
ਸੋਮਵਾਰ ਨੂੰ ਘਟਨਾ ਤੋਂ ਠੀਕ ਇਕ ਹਫ਼ਤੇ ਪਹਿਲਾਂ, ਤਾਲਿਬਾਨ ਅਤੇ ਅਫ਼ਗ਼ਾਨ ਅਧਿਕਾਰੀਆਂ ਨੇ ‘ਸ਼ਾਂਤੀ ਦੀ ਰੂਪ-ਰੇਖਾ ਤਿਆਰ ਕੀਤੀ ਸੀ ਜਿਸ ਵਿੱਚ ਆਮ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਦਾ ਸੰਕਲਪ ਲਿਆ ਸੀ।
ਸੂਬਾਈ ਪੁਲਿਸ ਮੁਖੀ ਤਾਦੀਨ ਖ਼ਾਨ ਨੇ ਦੱਸਿਆ ਕਿ ਕਈ ਮੁਸਾਫਰਾਂ ਨੂੰ ਲੈ ਜਾ ਰਹੀ ਇੱਕ ਗੱਡੀ ਸਥਾਨਕ ਸਮੇਂ ਅਨੁਸਾਰ ਦੋ ਵਜੇ ਸੜਕ ਕਿਨਾਰੇ ਬੰਬ ਦੀ ਲਪੇਟ ਵਿੱਚ ਆ ਗਈ। ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਪੀੜਤ ਬੱਸ ਵਿੱਚ ਸਨ ਜਾਂ ਇਕ ਵੱਡੇ ਟਰੱਕ ਵਿੱਚ ਸਵਾਰ ਸਨ। ਖ਼ਾਨ ਨੇ ਕਿਹਾ ਕਿ ਧਮਾਕੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 34 ਹੋਰ ਜ਼ਖ਼ਮੀ ਹੋਏ ਹਨ। ਪੀੜਤਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਅਫ਼ਗ਼ਾਨ ਫੌਜ ਦੇ ਬੁਲਾਰੇ ਅਹਿਮਦ ਸਾਦਿਕ ਈਸਾ ਨੇ ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਜਦੋਂ ਕਿ ਕੰਧਾਰ ਦੇ ਗਵਰਨਰ ਹਯਾਤੁੱਲਾਹ ਹਯਾਤ ਨੇ ਕਿਹਾ ਕਿ 13 ਲੋਕਾਂ ਦੀ ਮੌਤ ਹੋ ਗਈ ਹੈ। ਕਿਸੇ ਵੀ ਸਮੂਹ ਨੇ ਹਮਲੇ ਦੀ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਨੇ ਤੁਰੰਤ ਟਿੱਪਣੀ ਨਹੀਂ ਕੀਤੀ ਹੈ।