ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (UNESCO) ਅਤੇ ਸੰਯੁਕਤ ਰਾਸ਼ਟਰ ਬਾਲ ਕੋਸ਼ (UNICEF ) ਨੇ ਕਿਹਾ ਕਿ ਅਫ਼ਗਾਨ ਲੜਕੀਆਂ ਦੇ ਸਕੂਲ ਬੰਦ ਕਰਨ ਨਾਲ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੁੰਦੀ ਹੈ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ, ਯੂਨੈਸਕੋ ਦੇ ਡਾਇਰੈਕਟਰ-ਜਨਰਲ ਆਦਰੇ ਅਜ਼ੋਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੇ ਲੜਕੀਆਂ ਦੇ ਸਕੂਲ ਬੰਦ ਰਹਿੰਦੇ ਹਨ, ਤਾਂ ਇਹ ਲੜਕੀਆਂ ਅਤੇ ਔਰਤਾਂ ਦੇ ਸਿੱਖਿਆ ਦੇ ਬੁਨਿਆਦੀ ਅਧਿਕਾਰ ਦੀ ਵੱਡੀ ਉਲੰਘਣਾ ਹੋਵੇਗੀ।
ਅਜ਼ੋਲੇ ਨੇ ਕਿਹਾ, “ਯੂਨੈਸਕੋ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੜਕੀਆਂ ਨੂੰ ਸਿੱਖਿਆ ਦੇ ਸਾਰੇ ਪੱਧਰਾਂ ‘ਤੇ ਜਲਦੀ ਵਾਪਸ ਆਉਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਇਸਦੇ ਨਾਬਦਲਯੋਗ ਨਤੀਜੇ ਹੋਣਗੇ।” ਖਾਸ ਕਰਕੇ, ਸੈਕੰਡਰੀ ਸਕੂਲ ਵਿੱਚ ਲੜਕੀਆਂ ਦੀ ਦੇਰੀ ਨਾਲ ਵਾਪਸੀ ਉਨ੍ਹਾਂ ਨੂੰ ਸਿੱਖਿਆ ਅਤੇ ਜੀਵਨ ‘ਚ ਪਿੱਛੇ ਰਹਿ ਜਾਣ ਦਾ ਜੋਖ਼ਮ ਵੱਧ ਸਕਦਾ ਹੈ। ਇਹ ਸਿੱਖਿਆ ਤੋਂ ਪੂਰੀ ਤਰ੍ਹਾਂ ਬਾਹਰ ਜਾਣ ਦੇ ਜੋਖ਼ਮ ਨੂੰ ਵਧਾਉਂਦਾ ਹੈ। ਇਹ ਲੜਕੇ ਅਤੇ ਲੜਕੀਆਂ ਦੇ ਵਿੱਚ ਸਿੱਖਣ ਦੀ ਅਸਮਾਨਤਾਵਾਂ ਨੂੰ ਹੋਰ ਵਧਾ ਸਕਦਾ ਹੈ ਅਤੇ ਲੜਕੀਆਂ ਦੀ ਉੱਚ ਸਿੱਖਿਆ ਅਤੇ ਜੀਵਨ ਦੇ ਮੌਕਿਆਂ ਤੱਕ ਪਹੁੰਚ ਵਿੱਚ ਰੁਕਾਵਟ ਪਾ ਸਕਦਾ ਹੈ।
ਜਿਵੇਂ ਕਿ ਟੋਲੋ ਨਿਊਜ਼ ਦੁਆਰਾ ਰਿਪੋਰਟ ਕੀਤੀ ਗਈ ਹੈ, UNESCO ਅਤੇ UNICEF ਦੋਵਾਂ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਨੇ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਲੜਕੀਆਂ ਦੀ ਸਿੱਖਿਆ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ ਅਤੇ ਇਸਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਅਜ਼ੋਲੇ ਨੇ ਕਿਹਾ ਕਿ ਪੜ੍ਹੇ-ਲਿਖੇ ਲੜਕੇ ਅਤੇ ਲੜਕੀਆਂ ਅਫ਼ਗਾਨਿਸਤਾਨ ਦੇ ਭਵਿੱਖ ਨੂੰ ਰੂਪ ਦੇਣਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਿੱਖਿਆ ਦੇ ਅਧਿਕਾਰ ਦਾ ਬਰਾਬਰ ਲਾਭ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦਾ ਭਵਿੱਖ ਪੜ੍ਹੇ ਲਿਖੇ ਲੜਕੀਆਂ ਅਤੇ ਲੜਕਿਆਂ ‘ਤੇ ਨਿਰਭਰ ਕਰਦਾ ਹੈ। ਇਸ ਲਈ, ਅਸੀਂ ਅਫ਼ਗਾਨਿਸਤਾਨ ਦੇ ਸਾਰੇ ਸਬੰਧਤ ਲੋਕਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਹਿੰਦੇ ਹਾਂ ਕਿ ਸਾਰੇ ਬੱਚਿਆਂ ਲਈ ਸਕੂਲ ਦੁਬਾਰਾ ਖੋਲ੍ਹਣ ਦੇ ਐਲਾਨ ਦੇ ਨਾਲ ਲੜਕੀਆਂ ਨੂੰ ਵੀ ਸਿੱਖਿਆ ਦਾ ਅਧਿਕਾਰ ਮਿਲੇ।
ਇਸ ਦੌਰਾਨ UNICEF ਨੇ ਅਫ਼ਗਾਨ ਲੜਕੀਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਹੈ। ਸਕੂਲਾਂ ਦੇ ਹੌਲੀ-ਹੌਲੀ ਮੁੜ ਖੋਲ੍ਹਣ ਦਾ ਸਵਾਗਤ ਕਰਦੇ ਹੋਏ ਯੂਨੀਸੈਫ ਦੇ ਮੁਖੀ ਹੈਨਰੀਏਟਾ ਫੋਰ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਬਹੁਤ ਚਿੰਤਤ ਹਾਂ ਕਿ ਇਸ ਸਮੇਂ ਬਹੁਤ ਸਾਰੀਆਂ ਲੜਕੀਆਂ ਨੂੰ ਸਕੂਲ ਵਾਪਸ ਨਹੀਂ ਆਉਣ ਦਿੱਤਾ ਜਾ ਰਿਹਾ। ਫੋਰ ਨੇ ਕਿਹਾ ਕਿ ਲੜਕੀਆਂ ਨੂੰ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ ਅਤੇ ਸਬੰਧਤ ਲੋਕਾਂ ਨੂੰ ਸਮੱਸਿਆ ਦੇ ਹੱਲ ਲਈ ਬੁਲਾਇਆ ਜਾਣਾ ਚਾਹੀਦਾ ਹੈ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਨੇ ਸ਼ਨੀਵਾਰ ਨੂੰ ਲੜਕਿਆਂ ਲਈ ਸੈਕੰਡਰੀ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ। ਜਿਵੇਂ ਕਿ ਟੋਲੋ ਨਿਊਜ਼ ਦੁਆਰਾ ਰਿਪੋਰਟ ਕੀਤੀ ਗਈ ਹੈ, ਕਾਰਜਕਾਰੀ ਮੰਤਰੀ ਮੰਡਲ ਦੇ ਸਿੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਜਾਣ ਦੇ ਨਿਰਦੇਸ਼ ਦੇਣ ਦਾ ਐਲਾਨ ਕੀਤਾ, ਪਰ ਲੜਕੀਆਂ ਅਤੇ ਮਹਿਲਾ ਅਧਿਆਪਕਾਂ ਬਾਰੇ ਕੁਝ ਨਹੀਂ ਦੱਸਿਆ।
ਯੂਨੈਸਕੋ ਦੇ ਅਨੁਸਾਰ, ਅਫ਼ਗਾਨਿਸਤਾਨ ਨੇ ਪਿਛਲੇ ਦੋ ਦਹਾਕਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। 2001 ਤੋਂ ਔਰਤਾਂ ਦੀ ਸਾਖਰਤਾ ਦਰ ਲਗਪਗ 17 ਪ੍ਰਤੀਸ਼ਤ ਤੋਂ ਵਧ ਕੇ 30 ਪ੍ਰਤੀਸ਼ਤ ਹੋ ਗਈ ਹੈ ਅਤੇ ਪ੍ਰਾਇਮਰੀ ਸਕੂਲ ਵਿੱਚ ਲੜਕੀਆਂ ਦੀ ਸੰਖਿਆ 2001 ਵਿੱਚ ਲਗਪਗ ਜ਼ੀਰੋ ਤੋਂ ਵਧ ਕੇ 2018 ਵਿੱਚ 2.5 ਮਿਲੀਅਨ ਹੋ ਗਈ ਹੈ। ਉੱਚ ਸਿੱਖਿਆ ਸੰਸਥਾਨਾਂ ਵਿੱਚ ਲੜਕੀਆਂ ਦੀ ਸੰਖਿਆ 2001 ਵਿੱਚ 5,000 ਤੋਂ ਵਧ ਕੇ 2018 ਵਿੱਚ ਲਗਪਗ 90,000 ਹੋ ਗਈ ਹੈ।